ਬੀਤੇ ਸਾਲ ਅਜਮੇਰ ਦੇ ਮੰਦਰ ਦੇ ਬਾਹਰ ਭੀਖ ਮੰਗਣ ਵਾਲੀ ਨੰਦਿਨੀ ਸ਼ਰਮਾ ਦੀ ਮੌਤ ਹੋ ਗਈ ਸੀ। ਮਰਨ ਤੋਂ ਪਹਿਲਾਂ ਨੰਦਿਨੀ ਨੇ ਆਪਣੀ ਸਾਰੀ ਉਮਰ ਦੀ ਕਮਾਈ 6.61 ਲੱਖ ਰੁਪਏ ਮੰਦਰ ਦੇ ਟਰੱਸਟੀ ਨੂੰ ਸੰਭਾ ਦਿੱਤੇ ਅਤੇ ਇਸ ਰਕਮ ਦੀ ਵਰਤੋਂ ਕਿਸੇ ਨੇਕ ਕੰਮ ਲਈ ਕਰਨ ਲਈ ਕਿਹਾ।
ਮੰਦਰ ਦੀ ਕਮੇਟੀ ਦੇ ਟਰੱਸਟੀ ਸੰਦੀਪ ਗੌੜ ਨੇ ਦੱਸਿਆ ਕਿ ਨੰਦਿਨੀ ਦੀ ਸਾਰੀ ਉਮਰ ਦੀ ਕਮਾਈ ਨੂੰ ਉਨ੍ਹਾਂ ਬੈਂਕ ਵਿੱਚ ਜਮ੍ਹਾ ਕਰਵਾ ਦਿੱਤਾ ਸੀ ਅਤੇ ਹੁਣ ਉਸੇ ਕਮਾਈ ਨੂੰ ਪੁਲਵਾਮਾ ਵਿੱਚ ਸ਼ਹੀਦ ਹੋਏ ਸੀਆਰਪੀਐਫ ਦੇ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਗਿਆ ਹੈ। ਕਮੇਟੀ ਮੈਂਬਰਾਂ ਨੇ ਜ਼ਿਲ੍ਹਾ ਕੁਲੈਕਟਰ ਨੂੰ ਮੁੱਖ ਮੰਤਰੀ ਰਾਹਤ ਖ਼ਜ਼ਾਨੇ ਵਿੱਚ ਇਸ ਰਕਮ ਦਾ ਬੈਂਕ ਡ੍ਰਾਫਟ ਤਿਆਰ ਕਰ ਕੇ ਸੌਂਪ ਦਿੱਤਾ।
ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਵਿੱਚ ਫਿਦਾਈਨ ਹਮਲਾ ਹੋਇਆ ਸੀ, ਜਿਸ ਵਿੱਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਏ ਸਨ। ਇਨ੍ਹਾਂ ਜਵਾਨਾਂ ਲਈ ਬਾਲੀਵੁੱਡ ਸਿਤਾਰਿਆਂ ਤੋਂ ਲੈਕੇ ਸਰਕਾਰਾਂ ਤੇ ਪ੍ਰਵਾਸੀ ਭਾਰਤੀਆਂ ਨੇ ਕਾਫੀ ਵਿੱਤੀ ਸਹਾਇਤਾ ਕੀਤੀ ਹੈ। ਲੋਕਾਂ ਵੱਲੋਂ ਕੀਤਾ ਜਾ ਰਿਹਾ ਇਹ ਸਹਿਯੋਗ ਸ਼ਹੀਦਾਂ ਦੇ ਪਰਿਵਾਰਾਂ ਲਈ ਕਾਫੀ ਵੱਡਾ ਸਹਾਰਾ ਸਾਬਤ ਹੋਵੇਗੀ।