ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੂੰ ਬੀਜੇਪੀ ਦੇ ਗੜ੍ਹ ਵਿੱਚ ਜ਼ਬਰਦਸਤ ਸਫਲਤਾ ਮਿਲੀ ਹੈ। ਆਪ ਦੇ ਵਿਦਿਆਰਥੀ ਵਿੰਗ CYSS ਦੇ ਰਾਜਸਥਾਨ ਯੂਨੀਵਰਸਿਟੀ ਦੀਆਂ ਵਿਦਿਆਰਥੀ ਸੰਘ ਚੋਣਾਂ ਵਿੱਚ 46 ਉਮੀਦਵਾਰ ਵੱਖ-ਵੱਖ ਅਹੁਦਿਆਂ ਦੀ ਚੋਣ ਜਿੱਤ ਚੁੱਕੇ ਹਨ। ਇਨ੍ਹਾਂ ਵਿੱਚ 12 ਪ੍ਰਧਾਨ ਅਹੁਦੇ ਤੇ ਕਈ ਕਾਲਜਾਂ ਵਿੱਚ ਉਪ ਪ੍ਰਧਾਨ ਤੇ ਸਕੱਤਰ ਦੇ ਅਹੁਦਿਆਂ ਸ਼ਾਮਲ ਹਨ। ਇੰਨਾ ਹੀ ਨਹੀਂ ਹਾਲੇ ਕਈ ਸੀਟਾਂ 'ਤੇ CYSS ਦੇ ਜਿੱਤਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਮਾਰ ਵਿਸ਼ਵਾਸ ਨੇ ਦੱਸਿਆ ਕਿ ਰਾਜਸਥਾਨ ਵਿੱਚ ਵਿਦਿਆਰਥੀ ਚੋਣਾਂ ਵਿੱਚ ਵੱਡੀ ਜਿੱਤ ਪਾਰਟੀ ਲਈ ਬਹੁਤ ਉਤਸ਼ਾਹਜਨਕ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਦਾ ਸਹਿਰਾ ਦਿੱਲੀ ਤੇ ਰਾਜਸਥਾਨ ਦੇ ਸਥਾਨਕ ਕਾਰਕੁਨਾਂ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਰਾਜਨੀਤੀ ਦੀ ਨੀਂਹ ਰਾਜਸਥਾਨ ਨੇ ਰੱਖੀ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵਿਦਿਆਰਥੀ ਚੋਣਾਂ ਲੜਨ ਬਾਰੇ ਪਾਰਟੀ ਦੇ ਫੈਸਲੇ 'ਤੇ ਨਿਰਭਰ ਕਰਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਪਾਰਟੀ ਨੇ ਬਿਆਨ ਦਿੱਤਾ ਸੀ ਕਿ ਦਿੱਲੀ ਯੂਨੀਵਰਸਿਟੀ ਦੀਆਂ ਆਗਾਮੀ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਸੀ।