Ram Mandir: ਰਾਮ ਜਨਮ ਭੂਮੀ ਟਰੱਸਟ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ, 'ਆਪ' ਸਾਂਸਦ ਨੇ ਕਿਹਾ '2 ਤੋਂ 18.5 ਕਰੋੜ 'ਚ ਖਰੀਦੀ ਜ਼ਮੀਨ'
Ram Mandir Trust: ਆਮ ਆਦਮੀ ਪਾਰਟੀ ਨੇ ਕਿਹਾ ਕਿ ਕਿਸੇ ਵੀ ਟਰੱਸਟ ਵਿੱਚ ਜ਼ਮੀਨ ਖਰੀਦਣ ਲਈ ਬਕਾਇਦਾ ਬੋਰਡ ਦਾ ਪ੍ਰਸਤਾਵ ਹੁੰਦਾ ਹੈ, ਆਖਰਕਾਰ ਪੰਜ ਮਿੰਟਾਂ ਵਿੱਚ ਕਿਵੇਂ ਰਾਮ ਮੰਦਰ ਟਰੱਸਟ ਨੇ ਇਹ ਪ੍ਰਸਤਾਵ ਪਾਸ ਕਰਕੇ ਤੁਰੰਤ ਜ਼ਮੀਨ ਖਰੀਦ ਲਈ?
ਅਯੁੱਧਿਆ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਕਰ ਰਹੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਇਲਜ਼ਾਮ ਲਾਏ ਹਨ ਕਿ ਟਰੱਸਟ ਦੇ ਜਨਰਲ ਸੱਕਤਰ ਚੰਪਤ ਰਾਏ ਨੇ ਸੰਸਥਾ ਦੇ ਇੱਕ ਮੈਂਬਰ ਅਨਿਲ ਮਿਸ਼ਰਾ ਦੀ ਮਦਦ ਨਾਲ 18 ਕਰੋੜ ਰੁਪਏ ਵਿੱਚ 2 ਕਰੋੜ ਰੁਪਏ ਵਾਲੀ ਜ਼ਮੀਨ ਖਰੀਦੀ ਹੈ। ਉਨ੍ਹਾਂ ਕਿਹਾ ਕਿ ਸਿੱਧੇ ਤੌਰ 'ਤੇ ਪੈਸਾ ਸੋਧਣ ਦਾ ਮਾਮਲਾ ਹੈ ਤੇ ਸਰਕਾਰ ਨੂੰ ਇਸ ਦੀ ਜਾਂਚ ਸੀਬੀਆਈ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਕਰਵਾਉਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਸਮਾਜਵਾਦੀ ਪਾਰਟੀ ਦੀ ਸਰਕਾਰ ਵਿੱਚ ਮੰਤਰੀ ਰਹੇ ਪਵਨ ਪਾਂਡੇ ਤੇ ਅਯੁੱਧਿਆ ਦੇ ਸਾਬਕਾ ਵਿਧਾਇਕ ਨੇ ਵੀ ਰਾਏ 'ਤੇ ਭ੍ਰਿਸ਼ਟਾਚਾਰ ਦੇ ਅਜਿਹੇ ਹੀ ਦੋਸ਼ ਲਗਾਏ ਸੀ। ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਇਸ 'ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਚੰਪਤ ਰਾਏ ਨੇ ਕਿਹਾ ਕਿ ਉਹ ਅਜਿਹੇ ਦੋਸ਼ਾਂ ਤੋਂ ਨਹੀਂ ਡਰਦੇ।
ਕੁਝ ਮਿੰਟਾਂ ਵਿੱਚ 2 ਤੋਂ 18 ਕਰੋੜ ਰੁਪਏ ਹੋਈ ਕੀਮਤ
ਸੰਜੇ ਸਿੰਘ ਨੇ ਕੁਝ ਦਸਤਾਵੇਜ਼ ਪੇਸ਼ ਕਰਦਿਆਂ ਕਿਹਾ, "ਕੋਈ ਕਲਪਨਾ ਵੀ ਨਹੀਂ ਕਰ ਸਕਦਾ ਕਿ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਨਾਮ 'ਤੇ ਕੋਈ ਘੁਟਾਲੇ ਤੇ ਭ੍ਰਿਸ਼ਟਾਚਾਰ ਦੀ ਹਿੰਮਤ ਕਰੇਗਾ। ਚੰਪਤ ਰਾਏ ਜੀ ਨੇ ਰਾਮ ਜਨਮ ਭੂਮੀ ਟਰੱਸਟ ਦੇ ਨਾਂ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ।"
ਉਨ੍ਹਾਂ ਨੇ ਦਾਅਵਾ ਕੀਤਾ ਕਿ ਅਯੁੱਧਿਆ ਸਦਰ ਤਹਿਸੀਲ ਦੇ ਬਾਗ ਬੀਜੈਸੀ ਪਿੰਡ ਵਿੱਚ 5 ਕਰੋੜ 80 ਲੱਖ ਰੁਪਏ ਦੀ ਸੰਪਤੀ ਵਾਲੇ ਗਾਟਾ ਨੰਬਰ 243, 244 ਤੇ 246 ਦੀ ਜ਼ਮੀਨ ਸੁਲਤਾਨ ਅੰਸਾਰੀ ਤੇ ਰਵੀ ਮੋਹਨ ਤਿਵਾੜੀ ਨਾਂ ਦੇ ਵਿਅਕਤੀਆਂ ਨੇ 18 ਮਾਰਚ ਨੂੰ ਕੁਸਮ ਪਾਠਕ ਤੇ ਹਰੀਸ਼ ਪਾਠਕ ਤੋਂ ਦੋ ਕਰੋੜ ਰੁਪਏ 'ਚ ਖਰੀਦੀ ਸੀ।
‘ਆਪ’ ਸੰਸਦ ਮੈਂਬਰ ਨੇ ਕਿਹਾ ਕਿ ਰਾਮ ਜਨਮ ਭੂਮੀ ਟਰੱਸਟ ਦੇ ਮੈਂਬਰ ਅਨਿਲ ਮਿਸ਼ਰਾ ਤੇ ਅਯੁੱਧਿਆ ਦੇ ਮੇਅਰ ਰਿਸ਼ੀਕੇਸ਼ ਉਪਾਧਿਆਏ ਸ਼ਾਮ 7.10 ਵਜੇ ਹੋਈ ਇਸ ਜ਼ਮੀਨ ਖਰੀਦ ਵਿਚ ਗਵਾਹ ਬਣੇ ਸੀ। ਇਹ ਵੀ ਦੋਸ਼ ਲਾਇਆ ਕਿ ਉਸ ਤੋਂ ਠੀਕ ਪੰਜ ਮਿੰਟ ਬਾਅਦ ਹੀ ਚੰਪਤ ਰਾਏ ਨੇ ਉਹੀ ਜ਼ਮੀਨ ਸੁਲਤਾਨ ਅੰਸਾਰੀ ਤੇ ਰਵੀ ਮੋਹਨ ਤਿਵਾੜੀ ਤੋਂ ਸਾਢੇ 18 ਕਰੋੜ ਰੁਪਏ ਵਿੱਚ ਖਰੀਦੀ, ਜਿਸ ਵਿੱਚੋਂ 17 ਕਰੋੜ ਰੁਪਏ ਆਰਟੀਜੀਐਸ ਰਾਹਾਂ ਪੇਸ਼ਗੀ ਵਜੋਂ ਦਿੱਤੇ ਗਏ।
"ਜ਼ਮੀਨ ਦੀ ਕੀਮਤ ਵਿੱਚ ਸਾਢੇ ਪੰਜ ਲੱਖ ਰੁਪਏ ਪ੍ਰਤੀ ਸੈਕਿੰਟ ਦਾ ਹੋਇਆ ਵਾਧਾ"
ਉਨ੍ਹਾਂ ਦੋਸ਼ ਲਾਇਆ, “ਦੋ ਕਰੋੜ ਰੁਪਏ ਵਿੱਚ ਖਰੀਦੀ ਗਈ ਜ਼ਮੀਨ ਦੀ ਕੀਮਤ ਵਿੱਚ ਪ੍ਰਤੀ ਸੈਕਿੰਡ ਤਕਰੀਬਨ ਸਾਢੇ ਪੰਜ ਲੱਖ ਰੁਪਏ ਦਾ ਵਾਧਾ ਹੋਇਆ ਹੈ। ਭਾਰਤ ਤਾਂ ਕੀ, ਦੁਨੀਆ ਵਿੱਚ ਕਿਤੇ ਵੀ ਕਿਸੇ ਵੀ ਜ਼ਮੀਨ ਦੀ ਕੀਮਤ ਇੰਨੀ ਤੇਜ਼ੀ ਨਾਲ ਨਹੀਂ ਵਧ ਜਾਂਦੀ। ਦਿਲਚਸਪ ਗੱਲ ਇਹ ਹੈ ਕਿ ਰਾਮ ਮੰਦਿਰ ਟਰੱਸਟ ਦੇ ਮੈਂਬਰ ਅਨਿਲ ਮਿਸ਼ਰਾ ਤੇ ਅਯੁੱਧਿਆ ਦੇ ਮੇਅਰ ਰਿਸ਼ੀਕੇਸ਼ ਉਪਾਧਿਆਏ ਬੈਨਾਮਾ ਕਰਾਉਣ ਦੇ ਗਵਾਹ ਸੀ, ਉਹ ਟਰੱਸਟ ਦੇ ਨਾਂ 'ਤੇ ਇਸ ਜ਼ਮੀਨ ਦੀ ਖਰੀਦ ਵਿੱਚ ਗਵਾਹ ਵੀ ਬਣ ਗਏ ਸੀ।
ਇਹ ਸਪੱਸ਼ਟ ਤੌਰ 'ਤੇ ਪੈਸੇ ਦੀ ਸ਼ੋਧਨ ਅਤੇ ਵੱਡੇ ਭ੍ਰਿਸ਼ਟਾਚਾਰ ਦਾ ਮਾਮਲਾ ਹੈ। ਮੈਂ ਉਨ੍ਹਾਂ ਦੀ ਸਰਕਾਰ ਅਤੇ ਮੋਦੀ ਤੋਂ ਮੰਗ ਕਰਦਾ ਹਾਂ ਕਿ ਇਸ ਮਾਮਲੇ ਵਿੱਚ ਸ਼ਾਮਲ ਭ੍ਰਿਸ਼ਟ ਲੋਕਾਂ ਨੂੰ ਈਡੀ ਅਤੇ ਸੀਬੀਆਈ ਰਾਹੀਂ ਪੂਰੀ ਜਾਂਚ ਕਰਵਾ ਕੇ ਤੁਰੰਤ ਜੇਲ੍ਹ ਵਿੱਚ ਸੁੱਟਿਆ ਜਾਵੇ ਕਿਉਂਕਿ ਇਹ ਇਸ ਦੇਸ਼ ਦੇ ਕਰੋੜਾਂ ਰਾਮ ਸ਼ਰਧਾਲੂਆਂ ਦੇ ਵਿਸ਼ਵਾਸ ਦੇ ਨਾਲ ਖਿਲਵਾੜ ਹੈ। ਸਵਾਲ ਇਹ ਹੈ ਕਿ ਰਾਮ ਮੰਦਰ ਦੀ ਉਸਾਰੀ ਲਈ ਉਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਕਿਸ ਨੂੰ ਦਿੱਤੀ ਹੈ?
ਉਨ੍ਹਾਂ ਨੇ ਅੱਗੇ ਕਿਹਾ, 'ਇਸ ਮਾਮਲੇ ਵਿਚ ਸਮਝੌਤੇ ਦੀ ਮੋਹਰ ਦਾ ਸਮਾਂ ਅਤੇ ਬੈਨਾਮਾ ਦੀ ਮੋਹਰ ਦਾ ਸਮਾਂ ਵੀ ਸਵਾਲ ਖੜ੍ਹੇ ਕਰਦਾ ਹੈ। ਜੋ ਜ਼ਮੀਨ ਬਾਅਦ ਵਿੱਚ ਟਰੱਸਟ ਨੂੰ ਵੇਚੀ ਗਈ ਉਸ ਦੀ ਸਟੈਂਪ ਸ਼ਾਮ 5:11 ਵਜੇ ਖਰੀਦੀ ਗਈ ਅਤੇ ਉਸ ਜ਼ਮੀਨ ਦੀ ਮੋਹਰ ਜੋ ਪਹਿਲਾਂ ਰਵੀ ਮੋਹਨ ਤਿਵਾੜੀ ਤੇ ਅੰਸਾਰੀ ਵਲੋਂ ਖਰੀਦੀ ਗਈ ਸੀ, ਉਸ ਦਾ ਸ਼ਾਮ 5: 22 ਵਜੇ ਦਾ ਹੈ।
ਇਹ ਵੀ ਪੜ੍ਹੋ: CBSE 12th Class Result 2021: ਅਗਲੇ ਹਫ਼ਤੇ ਐਲਾਨਿਆ ਜਾਏਗਾ 12ਵੀਂ ਦੇ ਰਿਜ਼ਲਟ ਦਾ ਫ਼ਾਰਮੂਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin