ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਅਗਲੇ ਚੀਫ ਜਸਟਿਸ ਰੰਜਨ ਗੋਗੋਈ ਹੋ ਸਕਦੇ ਹਨ। ਚੀਫ ਜਸਟਿਸ ਦੀਪਕ ਮਿਸ਼ਰਾ ਨੇ ਸੁਪਰੀਮ ਕੋਰਟ ਦੇ ਅਗਲੇ ਮੁੱਖ ਜਸਟਿਸ ਰੰਜਨ ਗੋਗੋਈ ਦੇ ਨਾਂ ਦੀ ਸਿਫਾਰਸ਼ ਕੀਤੀ ਹੈ। ਚੀਫ ਜਸਟਿਸ ਦੀ ਇਸ ਸਿਫਾਰਸ਼ 'ਤੇ ਅੰਤਿਮ ਮਨਜੂਰੀ ਕੇਂਦਰ ਸਰਕਾਰ ਦੇਵੇਗੀ। ਰੰਜਨ ਗੋਗੋਈ ਦਾ ਅਗਲਾ ਚੀਫ ਜਸਟਿਸ ਬਣਨਾ ਲਗਪਗ ਤੈਅ ਮੰਨਿਆ ਜਾ ਰਿਹਾ ਹੈ।


ਸੀਜੇਆਈ ਦੀ ਸਿਫਾਰਸ਼ ਤੋਂ ਬਾਅਦ ਇਹ ਲਗਪਗ ਤੈਅ ਹੈ ਕਿ ਜਸਟਿਸ ਰੰਜਨ ਗੋਗੋਈ 3 ਅਕਤੂਬਰ ਨੂੰ ਚੀਫ ਜਸਟਿਸ ਦੇ ਅਹੁਦੇ ਦੀ ਸਹੁੰ ਚੁੱਕਣਗੇ। ਜਸਟਿਸ ਦੀਪਕ ਮਿਸ਼ਰਾ ਦਾ ਕਾਰਜਕਾਲ 2 ਅਕਤੂਬਰ ਤੱਕ ਹੈ। ਰੰਜਨ ਗੋਗੋਈ ਉਨ੍ਹਾਂ 4 ਜੱਜਾਂ 'ਚ ਸ਼ਾਮਲ ਹਨ ਜਿਨ੍ਹਾਂ ਨੇ ਜਨਵਰੀ 'ਚ ਚੀਫ ਜਸਟਿਸ ਦੀਪਕ ਮਿਸ਼ਰਾ ਖਿਲਾਫ ਪ੍ਰੈੱਸ ਕਾਨਫਰੰਸ ਕੀਤੀ ਸੀ।


ਦਰਅਸਲ ਜਨਵਰੀ 'ਚ 4 ਜੱਜਾ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਇਹ ਕਿਆਸਰਾਈਆਂ ਸਨ ਕਿ ਜਸਟਿਸ ਗੋਗੋਈ ਦਾ ਨਾਂ ਮੁੱਖ ਚੀਫ ਜਸਟਿਸ ਲਈ ਭੇਜਿਆ ਜਾਵੇਗਾ ਕਿ ਨਹੀਂ। ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਦੂਜੇ ਸੀਨੀਅਰ ਜੱਜ ਜਸਟਿਸ ਰੰਜਨ ਗੋਗੋਈ ਦਾ ਅਗਲਾ ਚੀਫ ਜਸਟਿਸ ਬਣਨ ਦੀ ਸਿਫਾਰਸ਼ ਕਾਨੂੰਨ ਮੰਤਰਾਲੇ ਨੂੰ ਭੇਜੀ ਹੈ। ਆਮ ਤੌਰ 'ਤੇ ਸੀਨੀਅਰ ਜੱਜ ਨੂੰ ਚੀਫ ਜਸਟਿਸ ਬਣਾਉਣ ਦੀ ਰਵਾਇਤ ਰਹੀ ਹੈ।