ਚੰਡੀਗੜ੍ਹ: ਕੌਮੀ ਰਾਜਧਾਨੀ ਦਿੱਲੀ ਵਿੱਚ ਡੀਜ਼ਲ ਕਾਰਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗਣ ਕਾਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਔਡੀ ਤੇ ਮਰਸਿਡੀਜ਼ ਵਰਗੀਆਂ ਲਗ਼ਜ਼ਰੀ ਗੱਡੀਆਂ ਉੱਪਰ ਭਾਰੀ ਛੋਟ ਮਿਲ ਰਹੀ ਹੈ। ਲੱਖਾਂ ਰੁਪਏ ਦੀ ਛੋਟ ਨਾਲ ਵੱਡੀਆਂ ਕਾਰਾਂ ਦੇ ਸ਼ੌਕੀਨ ਪੰਜਾਬੀਆਂ ਨੂੰ ਆਪਣੇ ਸ਼ੌਕ ਪੁਗਾਉਣ ਵਿੱਚ ਕਾਫੀ ਮਦਦ ਮਿਲ ਰਹੀ ਹੈ।


ਚੰਡੀਗੜ੍ਹ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਦਿੱਲੀ ਤੋਂ ਪੁਰਾਣੀ ਔਡੀ A4 ਡੀਜ਼ਲ ਕਾਰ 10 ਲੱਖ ਰੁਪਏ ਵਿੱਚ ਖਰੀਦੀ ਹੈ, ਜਦਕਿ ਚੰਡੀਗੜ੍ਹ ਵਿੱਚ ਇਸ ਦੀ ਕੀਮਤ 14-15 ਲੱਖ ਰੁਪਏ ਹੈ। ਇਵੇਂ ਹੀ ਲਗ਼ਜ਼ਰੀ ਗੱਡੀਆਂ ਦਾ ਸ਼ੌਕ ਰੱਖਣ ਵਾਲੀ ਪੰਜਾਬਣ ਨੇ ਦੱਸਿਆ ਕਿ ਉਸ ਨੇ ਦਿੱਲੀ ਤੋਂ ਪੁਰਾਣੀ ਮਰਸਿਡੀਜ਼ ਈ ਕਲਾਸ 11 ਲੱਖ ਰੁਪਏ ਵਿੱਚ ਖਰੀਦੀ ਹੈ। ਉਸ ਨੇ ਇਹ ਵੀ ਦੱਸਿਆ ਕਿ ਉਹ ਇਸ ਕਾਰ ਨੂੰ 15 ਲੱਖ ਵਿੱਚ ਵੇਚ ਵੀ ਸਕਦੀ ਹੈ।

ਲਗ਼ਜ਼ਰੀ ਕਾਰਾਂ ਦੇ ਸ਼ੌਕੀਨਾਂ ਨੂੰ ਇਹ ਵਧੇਰੇ ਛੋਟ ਨੈਸ਼ਨਲ ਗਰੀਨ ਟ੍ਰਿਬੀਊਨਲ ਕਰਕੇ ਮਿਲ ਰਹੀ ਹੈ। ਐਨਜੀਟੀ ਨੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਦੇ ਚੱਲਣ 'ਤੇ ਰੋਕ ਲਾ ਦਿੱਤੀ ਹੈ ਤਾਂ ਜੋ ਰਾਜਧਾਨੀ ਖੇਤਰ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਂਦਾ ਜਾ ਸਕੇ।

ਦਿੱਲੀ ਵਿੱਚ ਪੁਰਾਣੀਆਂ ਕਾਰਾਂ ਦੇ ਡੀਲਰਾਂ ਮੁਤਾਬਕ ਪਿਛਲੇ ਕੁਝ ਸਮੇਂ ਦੌਰਾਨ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਵਿੱਚ ਦਿੱਲੀ ਦੇ ਵਾਹਨਾਂ ਦੀ ਮੰਗ ਵਿੱਚ 30 ਫ਼ੀਸਦ ਦਾ ਵਾਧਾ ਹੋਇਆ ਹੈ। ਦਿੱਲੀ ਤੋਂ ਉਲਟ ਹੋਰਨਾਂ ਥਾਵਾਂ 'ਤੇ ਡੀਜ਼ਲ ਕਾਰਾਂ ਨੂੰ 15 ਸਾਲ ਤਕ ਚਲਾਇਆ ਜਾ ਸਕਦਾ ਹੈ।