Ram Rahim Parole: ਬਲਾਤਕਾਰੀ ਰਾਮ ਰਹੀਮ ਨੂੰ ਮੁੜ ਮਿਲੀ 30 ਦਿਨਾਂ ਦੀ ਪੇਰੋਲ, ਢਾਈ ਸਾਲਾਂ 'ਚ 7ਵੀਂ ਵਾਰ ਆਵੇਗਾ ਬਾਹਰ
ਹਰਿਆਣਾ ਸਰਕਾਰ ਨੇ ਮੁੜ ਰਾਮ ਰਹੀਮ ਦੀ ਪੈਰੋਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਾਰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ। ਜ਼ਿਕਰ ਕਰ ਦਈਏ ਕਿ ਹਰਿਆਣਾ ਸਰਕਾਰ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਰਹੀ ਹੈ।
ਸਿਰਸਾ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲ ਗਈ ਹੈ। ਉਹ ਕੁਝ ਸਮੇਂ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਜਾਵੇਗਾ। ਇਸ ਵਾਰ ਵੀ ਰਾਮ ਰਹੀਮ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿੱਚ ਹੀ ਰਹੇਗਾ। ਉਸ ਨੂੰ ਸਿਰਸਾ ਡੇਰੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਪਹਿਲਾਂ ਸਿਰਸਾ ਤੋਂ ਉਸ ਲਈ ਘੋੜੇ ਅਤੇ ਗਾਵਾਂ ਲਿਆਂਦੀਆਂ ਜਾ ਚੁੱਕੀਆਂ ਹਨ ਅਤੇ ਉੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਰਾਮ ਰਹੀਮ ਦਾ ਜਨਮਦਿਨ 15 ਅਗਸਤ ਨੂੰ ਹੈ, ਇਸ ਲਈ ਸਜ਼ਾ ਮਿਲਣ ਤੋਂ ਬਾਅਦ ਉਹ ਪਹਿਲੀ ਵਾਰ ਜੇਲ੍ਹ ਦੇ ਬਾਹਰ ਪ੍ਰੇਮੀਆਂ ਵਿਚਕਾਰ ਆਪਣਾ ਜਨਮ ਦਿਨ ਮਨਾਏਗਾ। ਰਾਮ ਰਹੀਮ ਨੂੰ ਇਸ ਸਾਲ ਜਨਵਰੀ 'ਚ 40 ਦਿਨਾਂ ਦੀ ਪੈਰੋਲ ਮਿਲੀ ਸੀ। 30 ਮਹੀਨਿਆਂ ਦੀ ਕੈਦ ਵਿੱਚ ਰਾਮ ਰਹੀਮ ਦੀ ਇਹ 7ਵੀਂ ਪੈਰੋਲ ਹੈ।
ਕਦੋਂ ਕਦੋਂ ਮਿਲੀ ਡੇਰਾ ਮੁਖੀ ਨੂੰ ਪੈਰੋਲ
ਡੇਰਾ ਮੁਖੀ ਰਾਮ ਰਹੀਮ ਨੂੰ ਸਾਧਵੀਆਂ ਦਾ ਜਿਨਸੀ ਸ਼ੋਸ਼ਣ, ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ 2017 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਦੋਂ ਤੋਂ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਪਰ ਇਸ ਦੌਰਾਨ ਉਸ ਨੂੰ ਕਈ ਵਾਰ ਪੇਰੋਲ ਦਿੱਤੀ ਜਾ ਚੁੱਕੀ ਹੈ। ਪਹਿਲੀ ਵਾਰ ਰਾਮ ਰਹੀਮ ਨੂੰ 2022 ਵਿੱਚ 7 ਫਰਵਰੀ ਨੂੰ ਪੇਰੋਲ ਦਿੱਤੀ ਗਈ ਸੀ। ਇਹ ਪੇਰੋਲ 21 ਦਿਨਾਂ ਲਈ ਸੀ। ਇਸ ਦੌਰਾਨ ਰਾਮ ਰਹੀਮ ਗੁਰੂਗ੍ਰਾਮ ਡੇਰੇ 'ਚ ਠਹਿਰਿਆ ਹੋਇਆ ਸੀ। ਇਸ ਤੋਂ ਬਾਅਦ 17 ਜੂਨ 2022 ਨੂੰ ਡੇਰਾ ਮੁਖੀ ਨੂੰ ਦੂਜੀ ਵਾਰ ਪੈਰੋਲ ਦਿੱਤੀ ਗਈ। ਇਸ ਪੈਰੋਲ ਦੌਰਾਨ ਰਾਮ ਰਹੀਮ ਯੂਪੀ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਆਸ਼ਰਮ ਵਿੱਚ 30 ਦਿਨਾਂ ਤੱਕ ਰਿਹਾ। ਇਸ ਤੋਂ ਇਲਾਵਾ ਅਕਤੂਬਰ 2022 ਵਿੱਚ ਰਾਮ ਰਹੀਮ ਨੂੰ ਤੀਜੀ ਵਾਰ ਪੈਰੋਲ ਦਿੱਤੀ ਗਈ ਸੀ, ਜੋ ਕਿ 40 ਦਿਨਾਂ ਲਈ ਸੀ। ਜਿੱਥੇ ਸਾਲ 2023 'ਚ 21 ਜਨਵਰੀ ਨੂੰ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਸੀ, ਉਥੇ ਹੀ ਇਸ 40 ਦਿਨਾਂ ਦੀ ਪੈਰੋਲ ਦੌਰਾਨ ਡੇਰਾ ਮੁਖੀ ਬਰਨਾਵਾ ਆਸ਼ਰਮ 'ਚ ਰਿਹਾ।
ਇਸ ਸਾਲ ਜਨਵਰੀ ਦੇ ਮਹੀਨੇ ਡੇਰਾ ਮੁਖੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਕਾਰਨ ਹਰਿਆਣਾ ਸਰਕਾਰ ਵੀ ਸ਼ੱਕ ਦੇ ਘੇਰੇ ਵਿਚ ਆਈ ਸੀ। ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ ਦਾ ਵੱਖ-ਵੱਖ ਸੰਗਠਨਾਂ ਅਤੇ ਵਿਰੋਧੀ ਪਾਰਟੀਆਂ ਨੇ ਵਿਰੋਧ ਕੀਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰਦਿਆਂ ਕਿਹਾ ਗਿਆ ਕਿ ਜੇ ਕਤਲ ਅਤੇ ਬਲਾਤਕਾਰ ਦੇ ਦੋਸ਼ੀਆਂ ਨੂੰ ਵਾਰ-ਵਾਰ ਪੈਰੋਲ ਮਿਲ ਸਕਦੀ ਹੈ ਤਾਂ ਬੰਦੀ ਸਿੱਖਾਂ ਨੂੰ ਕਿਉਂ ਨਹੀਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।