ਨਵੀਂ ਦਿੱਲੀ: ਭਾਰਤ ਹਵਾਈ ਸੈਨਾ ਵੱਲੋਂ ਹਾਲ ਹੀ 'ਚ ਚੀਨ ਤੇ ਪਾਕਿਸਤਾਨ ਸਰਹੱਦ 'ਤੇ ਹੁਣ ਤੱਕ ਦੇ ਸਭ ਤੋਂ ਵੱਡੇ ਯੁੱਧ ਅਭਿਆਸ ਗਗਨਸ਼ਕਤੀ ਤੋਂ ਕਰਨ ਬਾਅਦ ਚੀਨ ਹਰਕਤ ਵਿੱਚ ਆ ਗਿਆ ਹੈ। ਦੇਸ਼ ਦੀ ਖੁਫੀਆ ਏਜੰਸੀ ਰਾਅ ਨੇ ਭਾਰਤੀ ਸਰਹੱਦ 'ਤੇ ਚੀਨੀ ਗਤੀਵਿਧੀਆਂ ਨੂੰ ਲੈ ਕੇ ਸੈਨਾ ਨੂੰ ਸਾਵਧਾਨ ਕੀਤਾ ਹੈ।

 

ਆਪਣੀ ਰਿਪੋਰਟ 'ਚ ਰਾਅ ਨੇ ਕਿਹਾ ਕਿ ਚੀਨ ਨੇ ਭਾਰਤੀ ਸਰਹੱਦ ਨੇੜੇ ਹੋਟਾਨ, ਹੋਪਿੰਗ ਤੇ ਲਹਾਸਾ ਏਅਰਬੇਸ 'ਤੇ ਕਈ ਵੱਡੇ ਹੈਂਗਰ ਤਿਆਰ ਕੀਤੇ ਹਨ। ਹਵਾਈ ਸੈਨਾ ਇਨ੍ਹਾਂ ਹੈਂਗਰਾਂ ਦੀ ਵਰਤੋਂ ਆਪਣੇ ਲੜਾਕੂ ਜਹਾਜ਼ ਖੜ੍ਹੇ ਕਰਨ ਤੇ ਦੁਸ਼ਮਨ ਤੋਂ ਸੁਰੱਖਿਅਤ ਕਰਨ ਲਈ ਕਰਦੀ ਹੈ। ਭਾਰਤੀ ਖੁਫੀਆਂ ਰਿਪੋਰਟਾਂ ਮੁਤਾਬਕ ਚੀਨ ਨੇ ਆਪਣੀ ਰਡਾਰ ਪ੍ਰਣਾਲੀ ਨੂੰ ਧਰਤੀ ਤੋਂ ਆਕਾਸ਼ 'ਚ ਮਾਰੂ ਸਮਰੱਥਾ ਵਾਲੀ ਮਿਜ਼ਾਇਲਾਂ ਨਾਲ ਜੋੜ ਕੇ ਵੀ ਅਭਿਆਸ ਕੀਤਾ ਹੈ।

ਜ਼ਿਕਰਯੋਗ ਹੈ ਕਿ ਗਗਨਸ਼ਕਤੀ ਯੁੱਧ ਅਭਿਆਸ 'ਚ ਭਾਰਤੀ ਹਵਾਈ ਸੈਨਾ ਨੇ ਤਕਰੀਬਨ 11 ਹਜ਼ਾਰ ਉਡਾਣਾਂ ਭਰੀਆਂ ਸਨ। ਇਸ ਅਭਿਆਸ ਤੋਂ ਬਾਅਦ ਚੀਨੀ ਮੀਡੀਆ ਨੇ ਵੀ ਗਗਨਸ਼ਕਤੀ ਤੇ ਭਾਰਤੀ ਹਵਾਈ ਸੈਨਾ ਦੀ ਤੁਲਨਾ ਅਮਰੀਕੀ ਹਵਾਈ ਸੈਨਾ ਨਾਲ ਕੀਤੀ ਸੀ।

ਕਿਹਾ ਜਾ ਰਿਹਾ ਹੈ ਕਿ ਉਦੋਂ ਤੋਂ ਹੀ ਚੀਨੀ ਹਵਾਈ ਸੈਨਾ ਨੇ ਆਪਣੀਆਂ ਗਤੀਵਿਧੀਆਂ ਭਾਰਤੀ ਸੀਮਾ ਦੇ ਨੇੜਲੇ ਇਲਾਕਿਆਂ 'ਚ ਵਧਾ ਦਿੱਤੀਆਂ ਹਨ। ਉਹ ਲਗਾਤਾਰ ਭਾਰਤੀ ਹਵਾਈ ਸੈਨਾ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਿਹਾ ਹੈ।