ਮੁੰਬਈ : ਮੁੰਬਈ ਦੇ ਤਾਜ ਹੋਟਲ ਉੱਤੇ 26 ਨਵੰਬਰ 2008 ਨੂੰ ਹੋਏ ਦਹਿਸ਼ਤਗਰਦ ਹਮਲੇ ਦੌਰਾਨ ਪੰਜਾਬੀ ਨੌਜਵਾਨ ਵੱਲੋਂ ਦਿਖਾਈ ਗਈ ਬਹਾਦਰੀ ਦੀ ਚਰਚਾ ਪੂਰੀ ਦੁਨੀਆ ਵਿੱਚ ਹੁੰਦੀ ਹੈ। ਹਮਲੇ ਵਿੱਚ ਤਾਜ ਹੋਟਲ ਦੇ ਜਨਰਲ ਮੈਨੇਜਰ ਕਰਮਬੀਰ ਸਿੰਘ ਕੰਗ ਨੇ ਕਈ ਲੋਕਾਂ ਦੀ ਜ਼ਿੰਦਗੀ ਬਚਾਈ ਸੀ। ਪਰ ਆਪਣੀ ਪਤਨੀ ਅਤੇ ਦੋ ਬੇਟੇ ਉਦੇ(14 ਸਾਲ) ਅਤੇ ਸਮਰ ਨੂੰ ਨਹੀਂ ਬਚਾਅ ਸਕਿਆ। ਜਿਸ ਸਮੇਂ ਹੋਟਲ ਉੱਤੇ ਹਮਲਾ ਹੋਇਆ ਕੰਗ ਆਪਣੇ ਪਰਿਵਾਰ ਨਾਲ ਆਪਣੇ ਕਮਰੇ ਵਿੱਚ ਸੀ। ਇਸ ਦੌਰਾਨ ਉਸ ਨੇ ਪਰਿਵਾਰ ਨੂੰ ਬਚਾਉਣ ਦੀ ਥਾਂ ਮਹਿਮਾਨਾਂ ਦੀ ਜਾਨ ਬਚਾਉਣ ਨੂੰ ਤਰਜੀਹ ਦਿੱਤੀ।
ਬਾਅਦ ਵਿੱਚ ਕਰਮਬੀਰ ਸਿੰਘ ਕੰਗ ਨੂੰ ਇਸ ਬਹਾਦਰੀ ਲਈ 'ਫੋਬਰਸ ਪਰਸਨ ਆਫ਼ ਦੀ ਈਅਰ' ਵੀ ਚੁਣਿਆ ਗਿਆ ਸੀ। ਕਰਮਬੀਰ ਸਿੰਘ ਕੰਗ ਇਸ ਸਮੇਂ ਅਮਰੀਕਾ ਵਿੱਚ ਹੋਟਲ ਤਾਜ ਦੇ ਏਰੀਆ ਡਾਇਰੈਕਟਰ ਹਨ। ਹਮਲੇ ਤੋਂ ਬਾਅਦ ਤਾਜ ਹੋਟਲ ਦੇ ਮਾਲਕ ਰਤਨ ਟਾਟਾ ਉਚੇਚੇ ਤੌਰ ਉੱਤੇ ਕਰਮਬੀਰ ਸਿੰਘ ਕੰਗ ਨੂੰ ਮਿਲੇ ਸਨ। ਕੰਗ ਦੀ ਬਹਾਦਰੀ ਸੁਣ ਕੇ ਰਤਨ ਟਾਟਾ ਵੀ ਹੈਰਾਨ ਹੋ ਗਏ ਸਨ। ਦੇਸ਼ ਵਿਦੇਸ਼ ਵਿੱਚ ਕਰਮਬੀਰ ਸਿੰਘ ਕੰਗ ਨੂੰ ਉਸ ਦੀ ਬਹਾਦਰੀ ਲਈ ਕਈ ਪੁਰਸਕਾਰ ਮਿਲ ਚੁੱਕੇ ਹਨ।
ਕਰਮਬੀਰ ਸਿੰਘ ਕੰਗ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਉਨ੍ਹਾਂ ਆਪਣੇ ਪਿਤਾ ਨੂੰ ਬਹਿਰੀਨ ਵਿੱਚ ਫ਼ੋਨ ਕੀਤਾ। ਪਿਤਾ ਨੇ ਹੌਸਲਾ ਵਧਾਉਂਦੇ ਹੋਏ ਆਖਿਆ ਕਿ ਤੁਸੀਂ ਸਿੱਖ ਹੋ ਦਹਿਸ਼ਤਗਰਦਾਂ ਦਾ ਸਾਹਮਣਾ ਕਰੋ। ਇਸ ਤੋਂ ਬਾਅਦ ਉਸ ਨੇ ਸੈਂਕੜਾ ਲੋਕਾਂ ਦੀ ਜਾਨ ਬਚਾਈ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਨਹੀਂ ਬਚਾਅ ਸਕਿਆ।