ਇਸ ਤੋਂ ਕੁਝ ਮਿੰਟ ਬਾਅਦ ਹੀ ਕਰਾਵਲ ਨਗਰ ਮੇਨ ਰੋਡ 'ਤੇ ਦੰਗੇ ਸ਼ੁਰੂ ਹੋ ਗਏ। ਉੱਥੇ ਕੋਈ ਸੁਰੱਖਿਆ ਬਲ ਨਹੀਂ ਸੀ। ਦੰਗਾਕਾਰੀ ਪੂਰੀ ਤਿਆਰੀ ਨਾਲ ਆਏ ਸੀ। ਉਹ ਪੱਥਰ ਤੇ ਪੈਟਰੋਲ ਬੰਬ ਬਰਸਾ ਰਹੇ ਸੀ। ਕੁਝ ਚਿਰ ਮਗਰੋਂ ਪੁਲਿਸ ਦੀ ਗੱਡੀ ਉੱਥੇ ਪਹੁੰਚਦੀ ਹੈ। ਗੱਡੀ ਨੂੰ ਵੇਖਦੇ ਹੀ ਭੀੜ 'ਭਾਰਤ ਮਾਤਾ ਦੀ ਜੈ' ਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਉਂਦੀ ਹੈ। ਪੁਲਿਸ ਵਾਲੇ ਉਨ੍ਹਾਂ ਨੂੰ ਰੋਕਦੇ ਨਹੀਂ ਸਗੋਂ ਉਨ੍ਹਾਂ ਨਾਲ ਮਿਲ ਦੂਜੀ ਧਿਰ 'ਤੇ ਅੱਥਰੂ ਗੈਸ ਦੇ ਗੋਲੇ ਦਾਗਦੇ ਹਨ। ਇਹ ਵੇਖ 'ਜੈ ਸ਼੍ਰੀ ਰਾਮ' ਦੇ ਨਾਅਰੇ ਹੋਰ ਉੱਚੇ ਹੋ ਜਾਂਦੇ ਹਨ।
ਇਹ ਸਾਫ ਦਿਖਾਈ ਦਿੰਦਾ ਹੈ ਕਿ ਦਿੱਲੀ ਪੁਲਿਸ ਵੀ ਇੱਕ ਧਿਰ ਨਾਲ ਖੜ੍ਹ ਕੇ ਦੰਗੇ ਕਰਵਾਉਂਦੀ ਹੈ। ਭੀੜ 'ਜੈ ਸ਼੍ਰੀ ਰਾਮ' ਦੇ ਨਾਲ-ਨਾਲ 'ਦਿੱਲੀ ਪੁਲਿਸ ਜ਼ਿੰਦਾਬਾਦ' ਦੇ ਨਾਅਰੇ ਲਾਉਂਦੀ ਹੈ। ਭੀੜ ਪੁਲਿਸ ਦੇ ਸਾਹਮਣੇ ਹੀ ਪੱਥਰ ਤੇ ਪੈਟਰੋਲ ਬੰਬ ਸੁੱਟਦੀ ਹੈ। ਜਦੋਂ ਸਾਹਮਣੇ ਵਾਲੀ ਧਿਰ ਭਾਰੀ ਪੈਂਦੀ ਹੈ ਤਾਂ ਦਿੱਲੀ ਪੁਲਿਸ ਅਥਰੂ ਗੈਸ ਦੇ ਗੋਲੇ ਦਾਗ ਕੇ ਆਪਣੀ ਧਿਰ ਦਾ ਪੱਲੜਾ ਭਾਰੀ ਕਰਦੀ ਹੈ। ਫਿਰ ਪੁਲਿਸ ਦੰਗਾਕਾਰੀਆਂ ਦੀ ਪਿੱਠ ਥਾਪੜ ਕੇ ਅੱਗੇ ਚਲੀ ਜਾਂਦੀ ਹੈ। ਇਹ ਵੇਖ ਸਪਸ਼ਟ ਹੋ ਜਾਂਦਾ ਹੈ ਕਿ ਪੁਲਿਸ ਨੂੰ ਉਪਰੋਂ ਨਿਰਦੇਸ਼ ਮਿਲੇ ਹੋਏ ਹਨ।
ਕੁਝ ਦੇਰ ਬਾਅਦ ਪੁਲਿਸ ਅੱਗੇ ਹੋ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਹੋਣ ਦੀ ਅਪੀਲ ਕਰਦੀ ਹੈ। ਹੁਣ ਮਾਮਲਾ ਇੰਨਾ ਵਧ ਚੁੱਕਾ ਹੁੰਦਾ ਹੈ ਕਿ ਪੁਲਿਸ ਨੂੰ ਪਿੱਛੇ ਦੌੜਣਾ ਪੈਂਦਾ ਹੈ। ਪੁਲਿਸ ਆਪਣੀ ਧਿਰ ਦੇ ਦੰਗਾਕਾਰੀਆਂ ਨੂੰ ਅੱਗੇ ਜਾ ਕੇ ਮੋਰਚਾ ਸੰਭਾਲਣ ਲਈ ਕਹਿੰਦੀ ਹੈ। ਦੰਗਾਕਾਰੀ ਪੈਟਰੋਲ ਬੰਬ ਸੁੱਟਦੇ ਹਨ। ਇਮਾਰਾਤਾਂ ਨੂੰ ਅੱਗ ਲਾ ਦਿੰਦੇ ਹਨ। ਸਾਹਮਣੇ ਤੋਂ ਵੀ ਹਮਲੇ ਹੁੰਦੇ ਹਨ ਪਰ ਉਹ ਪੁਲਿਸ ਤੋਂ ਡਰਦੇ ਲੁੱਕ ਕੇ ਹੀ ਪੱਥਰਬਾਜ਼ੀ ਕਰਦੇ ਹਨ।
ਫਿਰ ਪੁਲਿਸ ਕਹਿੰਦੀ ਹੈ ਚਲੋ ਭਾਈ ਬਹੁਤ ਹੋ ਗਿਆ, ਹੁਣ ਚੱਲਦੇ ਹਾਂ। ਦੰਗਾਕਾਰੀ ਕਹਿੰਦੇ ਹਨ ਨਹੀਂ ਅਜੇ ਇਸ ਇਮਾਰਤ ਨੂੰ ਪੂਰੀ ਤਰ੍ਹਾਂ ਸਾੜਨਾ ਹੈ। ਦੰਗਾਕਾਰੀ ਦਿੱਲੀ ਪੁਲਿਸ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹਨ। ਇੰਝ ਲੱਗਦਾ ਹੈ ਕਿ ਪੁਲਿਸ ਹੀ ਦੰਗਾਕਾਰੀਆਂ ਦੀ ਅਗਵਾਈ ਕਰ ਰਹੀ ਹੈ। ਇਸ ਵੇਲੇ ਹਾਲਾਤ 1984 ਵਾਲੇ ਨਜ਼ਰ ਆਉਂਦੇ ਹਨ ਜਦੋਂ ਪੁਲਿਸ ਨੇ ਦੰਗਾਕਾਰੀਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਸੀ। ਇਹ ਸਾਰੇ ਵੇਰਵੇ ਹਿੰਦੀ ਅਖਬਾਰ 'ਦੈਨਿਕ ਭਾਸਕਰ' ਤੇ ਬੀਬੀਸੀ ਤੋਂ ਇਲਾਵਾ ਵਿਦੇਸ਼ੀ ਮੀਡੀਆ ਵਿੱਚ ਛਪੇ ਹਨ।