R-Day Violence: ਲੱਖਾ ਸਿਧਾਣਾ ਨੂੰ ਵੱਡੀ ਰਾਹਤ, ਦਿੱਲੀ ਅਦਾਲਤ ਵੱਲੋਂ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਅਗਾਂਊਂ ਜ਼ਮਾਨਤ ਮਨਜ਼ੂਰ
ਸਿਧਾਣਾ ਨੇ ਸੰਜੇ ਗਾਂਧੀ ਟਰਾਂਸਪੋਰਟ ਨਗਰ ਵਿਖੇ ਕਿਸਾਨਾਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਨਾਲ ਜੁੜੇ ਮਾਮਲੇ ਵਿੱਚ ਅਗਾਂਊ ਜ਼ਮਾਨਤ ਮੰਗੀ ਸੀ।
ਨਵੀਂ ਦਿੱਲੀ: ਗੈਂਗਸਟਰ ਤੋਂ ਸਮਾਜ ਸੇਵੀ ਬਣੇ ਲੱਖਾ ਸਿਧਾਣਾ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਸਾਲ ਗਣਤੰਤਰ ਦਿਵਸ 'ਤੇ ਕਿਸਾਨਾਂ ਦੀ ਰੋਸ ਰੈਲੀ ਦੌਰਾਨ ਪੁਲਿਸ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਮਾਰਨ ਦੀ ਕੋਸ਼ਿਸ਼ ਕਰਨ ਅਤੇ ਭੀੜ ਨੂੰ ਬੈਰੀਕੇਡ ਤੋੜਨ ਲਈ ਉਕਸਾਉਣ ਦੇ ਮਾਮਲੇ ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ ਹੈ।
ਵਧੀਕ ਸੈਸ਼ਨ ਜੱਜ ਜਗਦੀਸ਼ ਕੁਮਾਰ ਨੇ ਸਿਧਾਨਾ ਨੂੰ ਇਹ ਕਹਿ ਕੇ ਰਾਹਤ ਦਿੱਤੀ ਕਿ ਉਹ ਪਹਿਲਾਂ ਹੀ ਜਾਂਚ ਵਿੱਚ ਸ਼ਾਮਲ ਹੋ ਚੁੱਕਾ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਲੈਣ ਦਾ ਕੋਈ ਉਚਿਤ ਕਾਰਨ ਨਹੀਂ ਹੈ। ਅਦਾਲਤ ਨੇ ਉਸ ਨੂੰ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਨਾਲ ਜੁੜੇ ਸਾਜ਼ਿਸ਼ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ।
ਦੱਸ ਦਈਏ ਕਿ ਸਿਧਾਣਾ ਨੇ ਸੰਜੇ ਗਾਂਧੀ ਟਰਾਂਸਪੋਰਟ ਨਗਰ ਵਿੱਚ ਕਿਸਾਨਾਂ ਅਤੇ ਪੁਲਿਸ ਦਰਮਿਆਨ ਝੜਪ ਨਾਲ ਜੁੜੇ ਇੱਕ ਮਾਮਲੇ ਵਿੱਚ ਅਗਾਂ ਜ਼ਮਾਨਤ ਮੰਗੀ ਸੀ। ਅਦਾਲਤ ਨੇ ਇਸਤਗਾਸਾ ਪੱਖ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਭਾਵੇਂ ਉਹ ਜਾਂਚ ਵਿੱਚ ਸ਼ਾਮਲ ਹੋਇਆ ਹੈ, ਪਰ ਉਸ ਵਲੋਂ ਪੁਲਿਸ ਨੂੰ ਸੌਂਪੇ ਗਏ ਮੋਬਾਈਲ ਫ਼ੋਨਾਂ ਚੋਂ ਇੱਕ ਨੂੰ ਪਾਸਵਰਡ ਨਾਲ ਸੁਰੱਖਿਅਤ ਕੀਤਾ ਗਿਆ ਹੈ ਅਤੇ ਖੋਲ੍ਹਿਆ ਨਹੀਂ ਜਾ ਸਕਿਆ। ਸਿਧਾਣਾ ਨੇ ਪਾਸਵਰਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਸੁਣਵਾਈ ਦੌਰਾਨ ਵਿਸ਼ੇਸ਼ ਸਰਕਾਰੀ ਵਕੀਲ ਮਧੁਕਰ ਪਾਂਡੇ ਨੇ ਅਦਾਲਤ ਨੂੰ ਦੱਸਿਆ ਕਿ ਸਿਧਾਣਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਾਸਵਰਡ ਭੁੱਲ ਗਿਆ ਸੀ ਅਤੇ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਿਹਾ। ਅਦਾਲਤ ਨੇ ਕਿਹਾ ਕਿ ਜੇ ਅਜਿਹਾ ਹੈ ਤਾਂ ਅਦਾਲਤ ਕਿਵੇਂ ਮੰਨ ਸਕਦੀ ਹੈ ਕਿ ਉਹ ਪਾਸਵਰਡ ਭੁੱਲ ਗਿਆ ਹੈ ਜਾਂ ਜਾਣਬੁੱਝ ਕੇ ਮੋਬਾਈਲ ਫੋਨ ਨੂੰ ਅਨਲੌਕ ਕਰਨ ਲਈ ਕੋਡ ਦਾ ਖੁਲਾਸਾ ਨਹੀਂ ਕਰ ਰਿਹਾ।
ਅਦਾਲਤ ਨੇ ਕਿਹਾ ਕਿ ਸਿਧਾਣਾ ਨੇ ਮੰਨਿਆ ਹੈ ਕਿ ਉਹ ਭੀੜ ਦਾ ਹਿੱਸਾ ਸੀ। ਮੁਲਜ਼ਮ ਦੀ ਅਗਾਊਂ ਜ਼ਮਾਨਤ ਮਨਜ਼ੂਰ ਕਰਦਿਆਂ ਅਦਾਲਤ ਨੇ ਉਸ ਨੂੰ ਜਾਂਚ ਵਿੱਚ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਉਸ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਗਵਾਹਾਂ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਾ ਕਰੇ।
ਹਾਲਾਂਕਿ, ਪੁਲਿਸ ਨੇ ਕਿਹਾ ਕਿ ਸਿਧਾਣਾ ਇੱਕ ਗੈਰਕਨੂੰਨੀ ਇਕੱਠ ਦਾ ਹਿੱਸਾ ਸੀ ਅਤੇ ਉਸਨੇ ਕੁਝ ਪੁਲਿਸ ਅਧਿਕਾਰੀਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਭੀੜ ਨੂੰ ਬੈਰੀਕੇਡ ਤੋੜਨ ਲਈ ਉਕਸਾਇਆ। ਇਸ ਤੋਂ ਇਲਾਵਾ ਦੋਸ਼ੀਆਂ ਨੇ ਬੈਰੀਕੇਡ ਤੋੜਣ ਤੋਂ ਬਾਅਦ ਕੁਝ ਲੋਕਾਂ ਨੂੰ ਜੱਫੀ ਪਾ ਕੇ ਜਸ਼ਨ ਵੀ ਮਨਾਈਆ। ਉਨ੍ਹਾਂ ਕਿਹਾ ਕਿ ਸਿਧਾਣਾ ਇਸ ਵੇਲੇ ਕਤਲ ਅਤੇ ਹੱਤਿਆ ਦੀ ਕੋਸ਼ਿਸ਼ ਨਾਲ ਜੁੜੇ 20 ਘਿਨਾਉਣੇ ਮਾਮਲਿਆਂ ਵਿੱਚ ਸ਼ਾਮਲ ਹੈ।
ਸਿਧਾਣਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਮੇਸ਼ ਗੁਪਤਾ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਦਾ ਨਾਂ ਵੀ ਐਫਆਈਆਰ ਵਿੱਚ ਦਰਜ ਨਹੀਂ ਸੀ ਅਤੇ ਪੁਲਿਸ ਕੋਲ ਉਨ੍ਹਾਂ ਦੇ ਖਿਲਾਫ ਕੋਈ ਸਬੂਤ ਨਹੀਂ ਹੈ।
ਇਹ ਵੀ ਪੜ੍ਹੋ: ਭਾਰਤ ’ਚ ਹੁਣ ਤੱਕ ਸਭ ਤੋਂ ਤੇਜ਼ 1.5 ਕਰੋੜ ਵੈਕਸੀਨ ਲਾਉਣ ਦਾ ਟੁੱਟਾ ਰਿਕਾਰਡ, PM ਮੋਦੀ ਨੂੰ ਜਨਮ ਦਿਨ ’ਤੇ ਵੱਡਾ ਤੋਹਫ਼ਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904