CDS Of India: ਅਨਿਲ ਚੌਹਾਨ ਅੱਜ ਸੰਭਾਲਣਗੇ ਸੀਡੀਐਸ ਦਾ ਅਹੁਦਾ, ਬਿਪਿਨ ਰਾਵਤ ਦੀ ਮੌਤ ਤੋਂ ਬਾਅਦ ਅਹੁਦਾ ਹੋਇਆ ਸੀ ਖਾਲੀ
ਲੈਫਟੀਨੈਂਟ ਜਨਰਲ ਚੌਹਾਨ (ਸੇਵਾਮੁਕਤ) ਭਾਰਤ ਦੇ ਦੂਜੇ ਸੀਡੀਐਸ ਦਾ ਅਹੁਦਾ ਸੰਭਾਲਣ ਤੋਂ ਬਾਅਦ ਚਾਰ ਸਿਤਾਰਾ ਰੈਂਕ ਦੇ ਜਨਰਲ ਦਾ ਅਹੁਦਾ ਸੰਭਾਲਣਗੇ। ਦੇਸ਼ ਦੇ ਪਹਿਲੇ ਸੇਵਾਮੁਕਤ ਥ੍ਰੀ-ਸਟਾਰ ਰੈਂਕ ਦੇ ਅਧਿਕਾਰੀ ਹੋਣਗੇ ਜੋ ਚਾਰ ਸਿਤਾਰਾ ਰੈਂਕ ਵਜੋਂ ਸੇਵਾ ਵਿੱਚ ਵਾਪਸ ਆਉਣਗੇ।
CDS Of India: ਲੈਫਟੀਨੈਂਟ ਜਨਰਲ ਅਨਿਲ ਚੌਹਾਨ (ਸੇਵਾਮੁਕਤ) ਸ਼ੁੱਕਰਵਾਰ ਨੂੰ ਦੇਸ਼ ਦੇ ਨਵੇਂ ਚੀਫ਼ ਆਫ਼ ਡਿਫੈਂਸ ਸਟਾਫ (CDS) ਦਾ ਅਹੁਦਾ ਸੰਭਾਲਣਗੇ। ਇਸ ਦੇ ਨਾਲ, ਥੀਏਟਰ ਕਮਾਂਡ ਦੇ ਤੌਰ 'ਤੇ ਸੈਨਾ ਨੂੰ ਪੁਨਰਗਠਿਤ ਕਰਨ ਦੀ ਮੁਹਿੰਮ ਨੂੰ ਤਿੰਨਾਂ ਸੇਵਾਵਾਂ ਵਿਚਕਾਰ ਤਾਲਮੇਲ ਯਕੀਨੀ ਬਣਾਉਣ ਲਈ ਮੁੜ ਕੇਂਦ੍ਰਿਤ ਕੀਤੇ ਜਾਣ ਦੀ ਉਮੀਦ ਹੈ। ਚੌਹਾਨ ਇੱਕ ਸਨਮਾਨਯੋਗ ਫ਼ੌਜੀ ਅਧਿਕਾਰੀ, ਰੱਖਿਆ ਵਿਭਾਗ ਦੇ ਸਕੱਤਰ ਵਜੋਂ ਵੀ ਕੰਮ ਕਰਨਗੇ। ਪਿਛਲੇ ਸਾਲ ਪੂਰਬੀ ਸੈਨਾ ਦੇ ਕਮਾਂਡਰ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ, ਉਹ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ ਦੀ ਅਗਵਾਈ ਵਾਲੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਵਿੱਚ ਮਿਲਟਰੀ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਸੀ।
ਲੈਫਟੀਨੈਂਟ ਜਨਰਲ ਚੌਹਾਨ (ਸੇਵਾਮੁਕਤ) ਭਾਰਤ ਦੇ ਦੂਜੇ ਸੀਡੀਐਸ ਦਾ ਅਹੁਦਾ ਸੰਭਾਲਣ ਤੋਂ ਬਾਅਦ ਚਾਰ ਸਿਤਾਰਾ ਰੈਂਕ ਦੇ ਜਨਰਲ ਦਾ ਅਹੁਦਾ ਸੰਭਾਲਣਗੇ। ਉਹ ਦੇਸ਼ ਦੇ ਪਹਿਲੇ ਸੇਵਾਮੁਕਤ ਥ੍ਰੀ-ਸਟਾਰ ਰੈਂਕ ਦੇ ਅਧਿਕਾਰੀ ਹੋਣਗੇ ਜੋ ਚਾਰ ਸਿਤਾਰਾ ਰੈਂਕ ਦੇ ਅਧਿਕਾਰੀ ਵਜੋਂ ਸੇਵਾ ਵਿੱਚ ਵਾਪਸ ਆਉਣਗੇ। ਉਹ 2019 ਵਿੱਚ ਬਾਲਾਕੋਟ ਹਵਾਈ ਹਮਲੇ ਦੌਰਾਨ ਫ਼ੌਜ ਦੇ ਮਿਲਟਰੀ ਆਪਰੇਸ਼ਨ (ਡੀਜੀਐਮਓ) ਦੇ ਡਾਇਰੈਕਟਰ ਜਨਰਲ ਸਨ, ਜਦੋਂ ਜੈਸ਼-ਏ-ਮੁਹੰਮਦ ਲਈ ਅੱਤਵਾਦੀ ਸਿਖਲਾਈ ਦੇਣ ਲਈ ਪੁਲਵਾਮਾ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤੀ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਅੰਦਰ ਜਾ ਕੇ ਕੈਂਪ ਨੂੰ ਤਬਾਹ ਕਰ ਦਿੱਤਾ ਸੀ।
ਚੌਹਾਨ ਨੂੰ ਬੁੱਧਵਾਰ ਨੂੰ ਨਵਾਂ ਸੀਡੀਐਸ ਕੀਤਾ ਗਿਆ ਸੀ ਨਿਯੁਕਤ
ਸਰਕਾਰ ਨੇ ਬੁੱਧਵਾਰ ਨੂੰ ਚੌਹਾਨ ਦੀ ਸੀਡੀਐਸ ਵਜੋਂ ਨਿਯੁਕਤੀ ਦਾ ਐਲਾਨ ਕੀਤਾ ਸੀ। ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ 'ਚ ਮੌਤ ਤੋਂ ਬਾਅਦ ਇਹ ਅਹੁਦਾ 9 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਖਾਲੀ ਪਿਆ ਸੀ। ਲੈਫਟੀਨੈਂਟ ਚੌਹਾਨ (ਸੇਵਾਮੁਕਤ) ਉਸੇ 11 ਗੋਰਖਾ ਰਾਈਫਲਜ਼ ਦੇ ਹਨ ਜਿਸ ਨਾਲ ਮਰਹੂਮ ਜਨਰਲ ਰਾਵਤ ਸਬੰਧਤ ਸਨ। ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਮੁੱਖ ਰੱਖਿਆ ਮੁਖੀ ਦਾ ਅਹੁਦਾ ਸੰਭਾਲਣਗੇ।
ਪਿਛਲੇ ਸਾਲ ਮਈ ਵਿੱਚ ਸੇਵਾਮੁਕਤ ਹੋਏ ਸਨ
ਲੈਫਟੀਨੈਂਟ ਜਨਰਲ ਅਨਿਲ ਚੌਹਾਨ ਦਾ ਜਨਮ 18 ਮਈ 1961 ਨੂੰ ਹੋਇਆ ਸੀ ਅਤੇ ਉਨ੍ਹਾਂ ਨੂੰ 1981 ਵਿੱਚ ਭਾਰਤੀ ਫ਼ੌਜ ਦੀ 11 ਗੋਰਖਾ ਰਾਈਫਲਜ਼ ਵਿੱਚ ਕਮਿਸ਼ਨ ਦਿੱਤਾ ਗਿਆ ਸੀ। 40 ਸਾਲਾਂ ਤੋਂ ਵੱਧ ਦੇ ਆਪਣੇ ਕਰੀਅਰ ਵਿੱਚ, ਲੈਫਟੀਨੈਂਟ ਜਨਰਲ ਅਨਿਲ ਚੌਹਾਨ ਨੇ ਕਈ ਕਮਾਂਡ, ਸਟਾਫ ਅਤੇ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ ਹੈ ਅਤੇ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਭਾਰਤ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਦਾ ਵੱਡਾ ਤਜ਼ਰਬਾ ਹੈ। ਲੈਫਟੀਨੈਂਟ ਜਨਰਲ ਚੌਹਾਨ ਪਿਛਲੇ ਸਾਲ ਮਈ 'ਚ ਸੇਵਾਮੁਕਤ ਹੋਏ ਸਨ। ਉਸ ਸਮੇਂ ਉਹ ਪੂਰਬੀ ਸੈਨਾ ਦੇ ਕਮਾਂਡਰ ਵਜੋਂ ਸੇਵਾ ਨਿਭਾ ਰਹੇ ਸਨ।
ਪੂਰਬੀ ਆਰਮੀ ਕਮਾਂਡਰ ਦੇ ਤੌਰ 'ਤੇ, ਉਹ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਖੇਤਰਾਂ ਵਿੱਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਭਾਰਤ ਦੀ ਸਮੁੱਚੀ ਲੜਾਈ ਦੀ ਤਿਆਰੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸੀ। ਉਹ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਅਤੇ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਦੇ ਸਾਬਕਾ ਵਿਦਿਆਰਥੀ ਹਨ। ਮੇਜਰ ਜਨਰਲ ਦੇ ਰੈਂਕ ਵਿੱਚ, ਉਨ੍ਹਾਂ ਉੱਤਰੀ ਕਮਾਂਡ ਵਿੱਚ ਮਹੱਤਵਪੂਰਨ ਬਾਰਾਮੂਲਾ ਸੈਕਟਰ ਵਿੱਚ ਇੱਕ ਪੈਦਲ ਡਵੀਜ਼ਨ ਦੀ ਕਮਾਂਡ ਕੀਤੀ।
ਕਈ ਅਹਿਮ ਮੁੱਦਿਆਂ 'ਤੇ ਰਹਿ ਚੁਕੇ ਹਨ ਨਵੇਂ ਸੀਡੀਐਸ ਚੌਹਾਨ
1 ਜਨਵਰੀ, 2020 ਨੂੰ, ਜਨਰਲ ਰਾਵਤ ਨੇ ਸੈਨਾ, ਜਲ ਸੈਨਾ ਅਤੇ ਭਾਰਤੀ ਹਵਾਈ ਸੈਨਾ ਦੇ ਕੰਮਕਾਜ ਵਿੱਚ ਇਕਸਾਰਤਾ ਲਿਆਉਣ ਅਤੇ ਦੇਸ਼ ਦੀ ਸਮੁੱਚੀ ਫ਼ੌਜੀ ਸ਼ਕਤੀ ਨੂੰ ਵਧਾਉਣ ਲਈ ਭਾਰਤ ਦੇ ਪਹਿਲੇ ਸੀਡੀਐਸ. ਦਾ ਅਹੁਦਾ ਸੰਭਾਲਿਆ ਸੀ।
ਚੌਹਾਨ ਨੇ ਇੱਕ ਲੈਫਟੀਨੈਂਟ ਜਨਰਲ ਵਜੋਂ ਉੱਤਰ-ਪੂਰਬ ਵਿੱਚ ਇੱਕ ਕੋਰ ਦੀ ਕਮਾਂਡ ਕੀਤੀ ਅਤੇ ਸਤੰਬਰ 2019 ਤੋਂ ਮਈ 2021 ਵਿੱਚ ਆਪਣੀ ਸੇਵਾਮੁਕਤੀ ਤੱਕ ਪੂਰਬੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਬਣੇ। ਇਨ੍ਹਾਂ ਕਮਾਂਡਾਂ ਦੀਆਂ ਨਿਯੁਕਤੀਆਂ ਤੋਂ ਇਲਾਵਾ ਉਹ ਡਾਇਰੈਕਟਰ ਜਨਰਲ, ਮਿਲਟਰੀ ਅਪਰੇਸ਼ਨਜ਼ ਦੇ ਚਾਰਜ ਸਮੇਤ ਅਹਿਮ ਅਹੁਦਿਆਂ 'ਤੇ ਵੀ ਰਹੇ। ਇਸ ਤੋਂ ਪਹਿਲਾਂ ਉਹ ਅੰਗੋਲਾ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਵਜੋਂ ਵੀ ਕੰਮ ਕਰ ਚੁੱਕੇ ਹਨ। ਸੇਵਾਮੁਕਤ ਹੋਣ ਤੋਂ ਬਾਅਦ ਵੀ ਉਹ ਰਾਸ਼ਟਰੀ ਸੁਰੱਖਿਆ ਅਤੇ ਰਣਨੀਤਕ ਮਾਮਲਿਆਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ।
ਵਿਸ਼ੇਸ਼ ਮੈਡਲਾਂ ਨਾਲ ਹੋਏ ਸਨਮਾਨਿਤ
ਫ਼ੌਜ ਵਿੱਚ ਵਿਲੱਖਣ ਅਤੇ ਸ਼ਾਨਦਾਰ ਸੇਵਾਵਾਂ ਲਈ, ਲੈਫਟੀਨੈਂਟ ਜਨਰਲ ਅਨਿਲ ਚੌਹਾਨ (ਸੇਵਾਮੁਕਤ) ਨੂੰ ਉੱਤਮ ਯੁੱਧ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
ਦੱਸ ਦੇਈਏ ਕਿ ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ 12 ਹੋਰਾਂ ਦੀ ਪਿਛਲੇ ਸਾਲ 8 ਦਸੰਬਰ ਨੂੰ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਉਦੋਂ ਤੋਂ ਸੀਡੀਐਸ ਦਾ ਅਹੁਦਾ ਖਾਲੀ ਸੀ।