ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪਿਛਲੇ ਪੰਜ ਸਾਲ ਦੇ ਦੌਰਾਨ ਹਰ ਸਾਲ ਕਰੀਬ 50,000 ਗਰਭਪਾਤ ਹੋਣ ਦੀ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਜਧਾਨੀ ਦਿੱਲੀ ‘ਚ ਵਧੀਆ ਸਿਹਤ ਸੁਵਿਧਾਵਾਂ ਹੋਣ ਦਾ ਦਾਅਵਾ ਕਰਦੇ ਹਨ। ਇਸ ਤੋਂ ਬਾਅਦ ਜਣੇਪੇ ਦੌਰਾਨ ਮਾਂ ਦੀ ਮੌਤ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ।


ਸੂਚਨਾ ਦੇ ਅਧਿਕਾਰੀ ਯਾਨੀ ਆਰਟੀਆਈ ‘ਚ ਮਿਲੀ ਜਾਣਕਾਰੀ ਮੁਤਾਬਕ, ਦਿੱਲੀ ‘ਚ 2013-14 ਤੋਂ 2017-18 ਦੌਰਾਨ ਸਰਕਾਰੀ ਅਤੇ ਨਿਜੀ ਸਿਹਤ ਕੇਂਦਰਾਂ ‘ਤੇ 2,48,608 ਗਰਭਪਾਤ ਹੋਏ। ਇਸ ‘ਚ ਸਰਕਾਰੀ ਕੇਂਦਰਾਂ ‘ਚ ਕੀਤੇ ਗਰਭਪਾਤ ਦੀ ਗਿਣਤੀ 1,44,864 ਅਤੇ ਨਿਜੀ ਕੇਂਦਰਾਂ ‘ਚ ਇਹ ਅੰਕੜਾ ਥੋੜ੍ਹਾ ਘੱਟ ਯਾਨੀ 1,03,744 ਹੈ। ਜਿਸ ਹਿਸਾਬ ਨਾਲ ਕਰੀਬ 49,721 ਗਰਭਪਾਤ ਹਰ ਸਾਲ ਹੋ ਰਹੇ ਹਨ।

ਇਸ ਦੇ ਨਾਲ ਹੀ ਦਿੱਲੀ ਦੇ ਪਰਿਵਾਰ ਕਲਿਆਨ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ, ਗਰਭਪਾਤ ਦੌਰਾਨ ਪੰਜ ਸਾਲਾਂ ‘ਚ 42 ਔਰਤਾਂ ਦੀ ਮੌਤ ਹੋਈ ਹੈ ਜਿਸ ‘ਚ 40 ਸਰਕਾਰੀ ਅਤੇ 2 ਨਿਜੀ ਕੇਂਦਰਾਂ ‘ਚ ਦਰਜ ਕੀਤੀ ਗਈ ਹੈ। ਦਿੱਲੀ ‘ਚ ਇਨ੍ਹਾਂ ਪੰਜ ਸਾਲਾਂ ‘ਚ ਜਨੇਪੇ ਦੌਰਾਨ 2,305 ਔਰਤਾਂ ਦੀ ਮੌਤ ਹੋਈ ਹੈ। ਇਸ ਦੌਰਾਨ ਹੋਣ ਵਾਲੀ ਔਰਤਾਂ ਦੀ ਮੌਤ ਹੁਣ ਲਗਾਤਾਰ ਵਧ ਰਹੀ ਹੈ।

ਦਿੱਲੀ ‘ਚ ਗਰਭਪਾਤ ਦੇ ਮਾਮਲੇ ‘ਚ ਮਾਮੂਲੀ ਰਾਹਤ ਦੀ ਗੱਲ ਸਿਰਫ ਇਹ ਹੈ ਕਿ ਬੀਤੇ ਪੰਜ ਸਾਲਾਂ ਦੌਰਾਨ ਚਾਰ ਸਾਲ ਤਕ ਗਰਭਪਾਤ ‘ਚ ਵਾਧੇ ਤੋਂ ਬਾਅਦ ਪਿਛਲੇ ਸਾਲ ਇਸ ‘ਚ ਕੁਝ ਗਿਰਾਵਟ ਆਈ ਹੈ।