ਚੰਡੀਗੜ੍ਹ: ਮਨਾਲੀ ਵਿੱਚ ਇੱਕ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਨੇ ਮਨਾਲੀ ਥਾਣੇ ਵਿੱਚ ਇਸ ਦੀ ਸ਼ਿਕਾਇਤ ਕਰਕੇ ਦੋ ਜਣਿਆਂ ’ਤੇ ਗੈਂਗਰੇਪ ਦਾ ਇਲਜ਼ਾਮ ਲਾਇਆ ਹੈ। ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਦਾ ਮੈਡੀਕਲ ਕਰਾਇਆ ਜਾ ਰਿਹਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਦਾ ਗਠਨ ਕੀਤਾ ਹੈ। ਘਟਨਾ ਸਥਾਨ ਦੇ ਆਸ-ਪਾਸ ਲੱਗੇ CCTV ਕੈਮਰੇ ਖੰਘਾਲੇ ਜਾ ਰਹੇ ਹਨ।

ਜਾਣਕਾਰੀ ਮੁਤਾਬਕ ਰੂਸ ਦੀ ਰਹਿਣ ਵਾਲੀ ਮਹਿਲਾ ਇੱਕ ਹਫ਼ਤੇ ਪਹਿਲਾਂ ਸਟੱਡੀ ਗਰੁੱਪ ਦੇ ਤਹਿਤ ਮਨਾਲੀ ਵਿੱਚ ਆਈ ਸੀ। ਵੀਰਵਾਰ ਸ਼ਾਮ ਨੂੰ ਉਹ ਓਲਡ ਮਨਾਲੀ ਦੇ ਹੋਟਲ ਜਾ ਰਹੀ ਸੀ, ਜਿੱਥੇ ਉਹ ਠਹਿਰੀ ਹੋਈ ਸੀ। ਇਸੇ ਦੌਰਾਨ 2 ਲੋਕਾਂ ਨੇ ਉਸਦੇ ਨੇਪਾਲੀ ਸਾਥੀ ਨੂੰ ਕੁੱਟਿਆ ਤੇ ਉਸ ਨੂੰ ਘਟਨਾ ਸਥਾਨ ਤੋਂ ਭਜਾ ਦਿੱਤਾ। ਇਸ ਤੋਂ ਬਾਅਦ ਘਟਨਾ ਨੂੰ ਅੰਜਾਮ ਦਿੱਤਾ।

ਐਸਐਸਪੀ ਕੁੱਲੂ ਸ਼ਾਲਿਨੀ ਅਗਨੀਹੋਤਰੀ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖਿਲਾਫ 341, 382, 323, 504 ਤੇ 376 ਡੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤਾ ਮੁਲਜ਼ਮਾਂ ਨੂੰ ਪਛਾਣਦੀ ਨਹੀਂ ਤੇ ਪੁਲਿਸ ਨੇ ਮਾਮਲੇ ਸਬੰਧੀ ਟੀਮਾਂ ਗਠਿਤ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।