ਨਵੀਂ ਦਿੱਲੀ: ਰਿਆਨ ਇੰਟਰਨੈਸ਼ਨਲ ਸਕੂਲ ਦੇ ਸਟੂਡੈਂਟ ਪ੍ਰਦਿਊਮਨ ਕਤਲ ਮਾਮਲੇ 'ਚ ਸਕੂਲ ਬੱਸ ਦੇ ਕੰਡਕਟਰ ਅਸ਼ੋਕ ਕੁਮਾਰ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਹੈ। ਜੇਲ੍ਹ 'ਚ 76 ਦਿਨ ਕੱਟਣ ਤੋਂ ਬਾਅਦ ਬੁੱਧਵਾਰ ਨੂੰ ਘਰ ਪੁੱਜੇ ਅਸ਼ੋਕ ਨੇ ਕਈ ਖੁਲਾਸੇ ਕੀਤੇ। ਅਸ਼ੋਕ ਨੇ ਦੱਸਿਆ ਕਿ ਉਸ ਨੇ ਜੇਲ 'ਚ ਕਾਫੀ ਤਸ਼ੱਦਦ ਝੱਲਿਆ। ਜੁਰਮ ਕਬੂਲ ਕਰਨ ਲਈ ਪੁਲਿਸ ਨੇ ਉਸ ਨੂੰ ਬਹੁਤ ਥਰਡ ਡਿਗਰੀ ਟਾਰਚਰ ਦਿੱਤਾ।


ਅਸ਼ੋਕ ਦੀ ਪਤਨੀ ਨੇ ਦੱਸਿਆ ਕਿ ਪੁਲਿਸ ਅਸ਼ੋਕ ਨੂੰ ਬਹੁਤ ਕੁੱਟਦੀ ਸੀ। ਉਲਟਾ ਟੰਗ ਕੇ ਉਸ ਨੇ ਕੁੱਟਿਆ ਅਤੇ ਜ਼ਬਰਦਸਤੀ ਜੁਰਮ ਕਬੂਲ ਕਰਵਾਇਆ।

ਤੁਹਾਨੂੰ ਦੱਸ ਦੇਈਏ ਕਿ 8 ਸਤੰਬਰ ਨੂੰ ਪ੍ਰਦਿਉਮਨ ਦੇ ਕਤਲ ਤੋਂ ਬਾਅਦ ਬਸ ਕੰਡਕਟਰ ਅਸ਼ੋਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਉਸ ਵੇਲੇ ਇਹ ਦਾਅਵਾ ਕੀਤਾ ਸੀ ਕਿ ਅਸ਼ੋਕ ਨੇ ਜੁਰਮ ਕਬੂਲ ਕਰ ਲਿਆ ਹੈ।

ਸੀ.ਬੀ.ਆਈ. ਦੀ ਜਾਂਚ 'ਚ ਅਸ਼ੋਕ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਅਤੇ ਸੀ.ਬੀ.ਆਈ. ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ। ਹੁਣ ਕੋਰਟ ਨੇ 50 ਹਜ਼ਾਰ ਦੇ ਮੁਲਚਲਕੇ 'ਤੇ ਅਸ਼ੋਕ ਨੂੰ ਰਿਹਾ ਕਰ ਦਿੱਤਾ ਹੈ।

ਸਕੂਲ ਸਟਾਫ ਦੇ ਦੋ ਮੈਂਬਰ ਅਤੇ ਅਸ਼ੋਕ ਦੇ ਪਰਿਵਾਰ ਦਾ ਦਾਅਵਾ ਹੈ ਕਿ ਗ਼ਰੀਬ ਪਰਿਵਾਰ ਹੋਣ ਕਾਰਨ ਅਸ਼ੋਕ ਨੂੰ ਬਲੀ ਦਾ ਬਕਰਾ ਬਣਾਇਆ ਗਿਆ। ਅਮੀਰ ਚੰਦ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਉਨ੍ਹਾਂ ਦੇ ਪੁੱਤਰ ਨੂੰ ਜੁਰਮ ਕਬੂਲ ਕਰਨ ਲਈ ਨਸ਼ੀਲਾ ਪਦਾਰਥ ਖੁਵਾਇਆ ਗਿਆ ਅਤੇ ਉਸ 'ਤੇ ਬੇਰਹਿਮੀ ਨਾਲ ਤਸ਼ਦੱਦ ਕੀਤਾ ਗਿਆ।

ਪ੍ਰਦਿਊਮਨ ਦੇ ਕਤਲ ਮਾਮਲੇ 'ਚ ਸੀ.ਬੀ.ਆਈ. ਨੇ ਉਸੇ ਸਕੂਲ ਦੇ 11ਵੀਂ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ। ਸੀ.ਬੀ.ਆਈ. ਮੁਤਾਬਕ ਉਕਤ ਵਿਦਿਆਰਥੀ ਨੇ ਪ੍ਰਦਿਊਮਨ ਨੂੰ ਇਸੇ ਲਈ ਮਾਰ ਦਿੱਤਾ ਸੀ ਤਾਂ ਜੋ ਉਹ ਪੀ.ਟੀ.ਐਮ. ਅਤੇ ਇਮਤਿਹਾਨ ਟਾਲਣੇ ਚਾਹੁੰਦਾ ਸੀ।