ਨਵੀਂ ਦਿੱਲੀ: ਬੀਐਸਐਫ ਤੋਂ ਬਰਖਾਸਤ ਜਵਾਨ ਤੇਜ ਬਹਾਦੁਰ ਯਾਦਵ ਵਾਰਾਣਸੀ ਤੋਂ ਆਪਣੀ ਨਾਮਜ਼ਦਗੀ ਰੱਦ ਹੋਣ ਖਿਲਾਫ ਸੁਪਰੀਮ ਕੋਰਟ ਪਹੁੰਚਿਆ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਗਲਤ ਦੱਸਿਆ ਤੇ ਇਸ ਮਾਮਲੇ ‘ਚ ਜਲਦੀ ਸੁਣਵਾਈ ਕਰਨ ਦੀ ਮੰਗ ਕੀਤੀ ਹੈ।

ਵਾਰਾਨਸੀ ਲੋਕ ਸਭਾ ਸੀਟ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚੋਣ ਲੜ ਰਹੇ ਹਨ। ਤੇਜ ਬਹਾਦੁਰ ਯਾਦਵ ਨੇ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਖਾਣੇ ਬਾਰੇ ਸ਼ਿਕਾਇਤ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ 2017 ‘ਚ ਸੈਨਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਤੇਜ ਬਹਾਦੁਰ ਨੇ ਵਾਰਾਨਸੀ ਤੋਂ ਪੀਐਮ ਮੋਦੀ ਖਿਲਾਫ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਲਿਆ ਸੀ। ਜਦਕਿ ਨਾਮਜ਼ਦਗੀ ਤੋਂ ਠੀਕ ਪਹਿਲਾਂ ਸਮਾਜਵਾਦੀ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ।

ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਤੇਜ ਬਹਾਦੁਰ ਦਾ ਨਾਮਜ਼ਦਗੀ ਪੱਤਰ ਇਹ ਕਹਿ ਕੇ ਖਾਰਜ ਕੀਤਾ ਗਿਆ ਕਿ ਉਸ ਨੇ ਕੋਈ ਪ੍ਰਮਾਣ ਪੱਤਰ ਦਾਖਲ ਨਹੀਂ ਕੀਤਾ ਜਿਸ ‘ਚ ਇਹ ਸਾਫ਼ ਕੀਤਾ ਹੋਵੇ ਕਿ ਉਸ ਨੂੰ ਸੈਨਾ ਤੋਂ ਭ੍ਰਿਸ਼ਟਾਚਾਰ ਤੇ ਵਿਸ਼ਵਾਸਘਾਤ ਕਰਕੇ ਬਰਖਾਸਤ ਨਹੀਂ ਕੀਤਾ ਗਿਆ।