ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਦੀ ਘਟਨਾ ਨੇ ਕਿਸਾਨ ਅੰਦੋਲਨ ਨੂੰ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਦੁਨੀਆ ਭਰ ਦੇ ਅਖ਼ਬਾਰਾਂ 'ਚ ਇਸ ਬਾਰੇ ਖਬਰਾਂ ਛਪੀਆਂ ਹਨ। ਹਰ ਦੇਸ਼ ਦੀ ਅਖਬਾਰ ਨੇ ਇਸ ਨੂੰ ਆਪਣੇ ਢੰਗ ਨਾਲ ਪੇਸ਼ ਕੀਤਾ ਹੈ। ਕੌਮਾਂਤਰੀ ਅਖਬਾਰਾਂ ਦੇ ਅਧਿਐਨ ਵਿੱਚੋਂ ਇਸ ਤਰ੍ਹਾਂ ਦੀ ਤਸਵੀਰ ਉੱਭਰ ਕੇ ਆ ਰਹੀ ਹੈ।

ਨਿਊਯਾਰਕ ਟਾਈਮਜ਼ ਦੀ ਰਿਪੋਰਟ

ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਸੈਨਾ ਦੀ ਵਿਸ਼ਾਲ ਪਰੇਡ ਵੇਖ ਰਹੇ ਸੀ ਤਾਂ ਕੁਝ ਹੀ ਮੀਲ ਦੂਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਹਫੜਾ-ਦਫੜੀ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਕਿਸਾਨਾਂ ਕੋਲ ਲੰਬੀਆਂ ਤਲਵਾਰਾਂ, ਤਿੱਖੇ ਖ਼ੰਜਰ ਤੇ ਜੰਗ 'ਚ ਇਸਤੇਮਾਲ ਹੋਣ ਵਾਲੇ ਕੁਹਾੜੇ ਸੀ, ਜੋ ਉਨ੍ਹਾਂ ਦੇ ਰਵਾਇਤੀ ਹਥਿਆਰ ਹਨ। ਕਿਸਾਨਾਂ ਨੇ ਲਾਲ ਕਿਲ੍ਹੇ 'ਤੇ ਮਾਰਚ ਕੀਤਾ ਜੋ ਇੱਕ ਸਮੇਂ ਮੁਗਲ ਸ਼ਾਸਕਾਂ ਦੀ ਰਿਹਾਇਸ਼ ਸੀ।

ਰਿਪੋਰਟ ਮੁਤਾਬਕ ਬਹੁਤ ਸਾਰੀਆਂ ਥਾਂਵਾਂ 'ਤੇ ਅਜਿਹੇ ਸੀਨ ਸੀ ਜਿੱਥੇ ਇੱਕ ਪਾਸੇ ਪੁਲਿਸ ਰਾਈਫਲ ਤਾਅਨੇ ਖੜ੍ਹੀ ਸੀ ਤੇ ਦੂਜੇ ਪਾਸੇ ਕਿਸਾਨ ਮੌਜੂਦ ਸੀ। ਜ਼ਿਆਦਾਤਰ ਕਿਸਾਨ ਪਹਿਲਾਂ ਹੀ ਤੈਅ ਰੂਟ ਦੀ ਪਾਲਣਾ ਕਰ ਰਹੇ ਸੀ, ਪਰ ਕੁਝ ਕਿਸਾਨ ਆਪਣੇ ਟਰੈਕਟਰਾਂ ਸਮੇਤ ਸੁਪਰੀਮ ਕੋਰਟ ਵਾਲੇ ਰਾਹ ਵੱਲ ਵਧੇ, ਜਿਸ ਨੂੰ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਰੋਕਿਆ।

ਇਸ ਦੇ ਨਾਲ ਹੀ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਦੇ ਹਵਾਲਾ ਨਾਲ ਰਿਪੋਰਟ 'ਚ ਲਿਖਿਆ ਕਿ, “ਇਸ ਅੰਦੋਲਨ ਦੀ ਪਛਾਣ ਰਹੀ ਹੈ ਕਿ ਇਹ ਸ਼ਾਂਤਮਈ ਰਿਹਾ। ਸਰਕਾਰ ਅਫਵਾਹਾਂ ਫੈਲਾ ਰਹੀ ਹੈ, ਏਜੰਸੀਆਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਪਰ ਜੇ ਅਸੀਂ ਸ਼ਾਂਤਮਈ ਰਹੇ ਤਾਂ ਅਸੀਂ ਜਿੱਤਾਂਗੇ ਪਰ ਜੇ ਹਿੰਸਕ ਹੋਏ ਤਾਂ ਮੋਦੀ ਦੀ ਜਿੱਤ ਹੋਏਗੀ।

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਨੇ ਟਰੈਕਟਰ ਮਾਰਚ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮਯਾਬ ਰਹੇ, ਇਸ ਤੋਂ ਪਤਾ ਲੱਗਦਾ ਹੈ ਕਿ ਕਿਸਾਨ ਨਾਲ ਗਤੀਰੋਧ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ। ਪ੍ਰਧਾਨ ਮੰਤਰੀ ਮੋਦੀ ਆਪਣੇ ਰਾਜਨੀਤਕ ਵਿਰੋਧੀਆਂ ਨੂੰ ਨਸ਼ਟ ਕਰਨ ਤੋਂ ਬਾਅਦ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤ ਬਣੇ, ਪਰ ਕਿਸਾਨਾਂ ਨੇ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ।

ਆਸਟਰੇਲੀਅਨ ਅਖਬਾਰ ਸਿਡਨੀ ਮਾਰਨਿੰਗ ਹੇਰਾਲਡ

ਆਸਟਰੇਲੀਆ ਦੇ ਸਿਡਨੀ ਮਾਰਨਿੰਗ ਹੇਰਾਲਡ ਵਿੱਚ ਇਹ ਕਿਹਾ ਗਿਆ ਹੈ ਕਿ ਹਜ਼ਾਰਾਂ ਕਿਸਾਨ ਇਤਿਹਾਸਕ ਲਾਲ ਕਿਲ੍ਹੇ 'ਤੇ ਪਹੁੰਚੇ, ਜਿਸ 'ਤੇ ਪ੍ਰਧਾਨ ਮੰਤਰੀ ਮੋਦੀ ਸਾਲ ਵਿੱਚ ਇੱਕ ਵਾਰ ਦੇਸ਼ ਨੂੰ ਸੰਬੋਧਨ ਕਰਦੇ ਹਨ। ਖ਼ਬਰ 'ਚ ਪੰਜਾਬ ਦੇ 55 ਸਾਲਾ ਕਿਸਾਨ ਸੁਖਦੇਵ ਸਿੰਘ ਦੇ ਹਵਾਲੇ ਨਾਲ ਕਿਹਾ, “ਮੋਦੀ ਹੁਣ ਸਾਡੀ ਗੱਲ ਸੁਣਨਗੇ, ਉਨ੍ਹਾਂ ਨੂੰ ਹੁਣ ਸਾਡੀ ਗੱਲ ਸੁਣਨੀ ਹੋਵੇਗੀ।” ਸੁਖਦੇਵ ਸਿੰਘ ਸੈਂਕੜੇ ਕਿਸਾਨਾਂ ਵਿੱਚੋਂ ਇੱਕ ਸੀ ਜੋ ਟਰੈਕਟਰ ਪਰੇਡ ਨਾਲੋਂ ਵੱਖਰੇ ਰਸਤਾ 'ਤੇ ਸੀ। ਇਨ੍ਹਾਂ ਵਿੱਚੋਂ ਕੁਝ ਲੋਕ ਘੋੜਿਆਂ 'ਤੇ ਸਵਾਰ ਵੀ ਸੀ।

ਅਲਜਾਜ਼ੀਰਾ ਦੀ ਰਿਪੋਰਟ

ਅਲਜਾਜ਼ੀਰਾ ਨੇ ਆਪਣੀ ਖ਼ਬਰ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਕੀਤੀ- "ਹਜ਼ਾਰਾਂ ਭਾਰਤੀ ਕਿਸਾਨਾਂ ਨੇ ਰਾਜਧਾਨੀ ਵਿੱਚ ਮੁਗਲ ਕਾਲ ਦੀ ਇਮਾਰਤ ਲਾਲ ਕਿਲ੍ਹੇ ਦੇ ਵਿਹੜੇ ਵਿੱਚ ਧਾਵਾ ਬੋਲਿਆ, ਹਿੰਸਕ ਵਿਰੋਧ ਪ੍ਰਦਰਸ਼ਨਾਂ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ।" ਰਿਪੋਰਟ ਵਿੱਚ ਕਿਹਾ ਗਿਆ ਹੈ, "ਗਣਤੰਤਰ ਦਿਵਸ ਪਰੇਡ ਦੇ ਮੱਦੇਨਜ਼ਰ ਵਿਸ਼ਾਲ ਸੁਰੱਖਿਆ ਪ੍ਰਬੰਧਾਂ ਨੂੰ ਪਿੱਛੇ ਛੱਡ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਵਿੱਚ ਦਾਖਲ ਹੋਏ, ਜਿੱਥੇ ਸਿੱਖ ਕਿਸਾਨਾਂ ਨੇ ਧਾਰਮਿਕ ਝੰਡਾ ਵੀ ਲਾਇਆ।"

ਖ਼ਬਰਾਂ ਵਿੱਚ ਦੱਸਿਆ ਗਿਆ ਹੈ ਕਿ ਇਹ ਉਹੀ ਲਾਲ ਕਿਲ੍ਹਾ ਹੈ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਹਰ ਸਾਲ 15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ 'ਤੇ ਤਿਰੰਗਾ ਲਹਿਰਾਉਂਦੇ ਹਨ। ਇਸ ਦੇ ਨਾਲ ਹੀ, ਇੱਕ ਪੋਸਟਰ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ - "ਅਸੀਂ ਪਿੱਛੇ ਨਹੀਂ ਹਟਾਂਗੇ, ਅਸੀਂ ਜਿੱਤਾਂਗੇ ਜਾਂ ਮਰਾਂਗੇ।"

ਪਾਕਿਸਤਾਨੀ ਅੰਗਰੇਜ਼ੀ ਅਖ਼ਬਾਰ ਡਾਨ ਦੀ ਰਿਪੋਰਟ

ਪਾਕਿਸਤਾਨ ਦੀ ਅੰਗਰੇਜ਼ੀ ਅਖ਼ਬਾਰ ਡਾਨ ਦੀ ਖ਼ਬਰ ਕਹਿੰਦੀ ਹੈ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਇਤਿਹਾਸਕ ਸਮਾਰਕ ਲਾਲ ਕਿਲ੍ਹੇ ਦੇ ਇੱਕ ਬੁਰਜ 'ਤੇ ਖਾਲਿਸਤਾਨ ਦਾ ਝੰਡਾ ਲਾਇਆ। ਖ਼ਬਰਾਂ ਵਿਚ ਕਿਹਾ ਗਿਆ ਹੈ, "ਖੇਤੀ ਸੁਧਾਰਾਂ ਦਾ ਵਿਰੋਧ ਕਰਨ ਵਾਲੇ ਹਜ਼ਾਰਾਂ ਕਿਸਾਨਾਂ ਨੇ ਬੈਰੀਕੇਡਾਂ ਨੂੰ ਹਟਾ ਦਿੱਤਾ ਤੇ ਮੰਗਲਵਾਰ ਨੂੰ ਇਤਿਹਾਸਕ ਲਾਲ ਕਿਲ੍ਹੇ ਦੇ ਅਹਾਤੇ ਵਿਚ ਦਾਖਲ ਹੋਏ ਤੇ ਆਪਣਾ ਝੰਡਾ ਉੱਥੇ ਲਾ ਦਿੱਤਾ।"

ਖ਼ਬਰਾਂ ਵਿਚ ਇਹ ਕਿਹਾ ਗਿਆ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਜਿਹੜੇ ਲੋਕ ਦਿੱਲੀ ਤੋਂ ਬਾਹਰ ਨਾਰਾਜ਼ਗੀ ਜਤਾ ਰਹੇ ਹਨ, 2014 ਵਿਚ ਸੱਤਾ ਵਿੱਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦਰਪੇਸ਼ ਸਭ ਤੋਂ ਵੱਡੀ ਚੁਣੌਤੀਆਂ ਚੋਂ ਇੱਕ ਹੈ।

ਇਸ ਖ਼ਬਰ ਦੇ ਨਾਲ, ਡਾਨ ਨੇ ਬਹੁਤ ਸਾਰੀਆਂ ਤਸਵੀਰਾਂ ਲਗਾਈਆਂ ਹਨ ਜੋ ਇਹ ਦਰਸਾਉਂਦੀਆਂ ਹਨ ਕਿ ਪ੍ਰਦਰਸ਼ਨਕਾਰੀ ਰੱਸੀਆਂ ਦੀ ਮਦਦ ਨਾਲ ਲਾਲ ਕਿਲ੍ਹੇ ਦੇ ਟਾਵਰ 'ਤੇ ਚੜਕੇ ਝੰਡੇ ਲਾ ਰਹੇ ਹਨ ਜਿੱਥੇ ਇੱਕ ਪ੍ਰਦਰਸ਼ਨਕਾਰੀ ਦੇ ਹੱਥ ਵਿੱਚ ਇੱਕ ਤਲਵਾਰ ਵੀ ਹੈ।

ਸੀਐਨਐਨ ਦੀ ਰਿਪੋਰਟ

ਸੀਐਨਐਨ ਨੇ ਆਪਣੀ ਖ਼ਬਰ ਵਿੱਚ ਕਿਹਾ ਹੈ ਕਿ ਇੱਕ ਪਾਸੇ ਸਰਕਾਰੀ ਪਰੇਡ ਸਮਾਗਮ ਕੋਵਿਡ-19 ਕਰਕੇ ਪਹਿਲਾਂ ਜਿੰਨਾ ਵੱਡਾ ਨਹੀਂ ਸੀ, ਪਰ ਦੂਜੇ ਪਾਸੇ ਗਣਤੰਤਰ ਦਿਵਸ ਪਰੇਡ ਦੌਰਾਨ ਹੀ ਕਿਸਾਨਾਂ ਨੇ ਆਪਣਾ ਮਾਰਚ ਕੱਢਣ ਦੀ ਯੋਜਨਾ ਬਣਾਈ ਸੀ। ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ‘ਇੰਨਾ ਵੱਡਾ ਵਿਰੋਧ ਪ੍ਰਦਰਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵੱਡੀ ਚੁਣੌਤੀ ਹੈ’।ਖ਼ਬਰਾਂ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਵਿਰੋਧ ਦੌਰਾਨ ਸਮਾਜ ਵਿਰੋਧੀ ਅਨਸਰਾਂ ਨੇ ਘੁਸਪੈਠ ਕੀਤੀ, ਨਹੀਂ ਤਾਂ ਅੰਦੋਲਨ ਸ਼ਾਂਤਮਈ ਰਿਹਾ ਹੈ।”

ਗਾਰਡੀਅਨ ਦੀ ਰਿਪੋਰਟ

ਗਾਰਡੀਅਨ ਮੁਤਾਬਕ, "ਲਾਲ ਕਿਲ੍ਹੇ ਦੀ ਚਾਦਰ 'ਤੇ ਸਿੱਖ ਧਰਮ 'ਨਿਸ਼ਾਨ ਸਾਹਿਬ' ਦਾ ਝੰਡਾ ਲਹਿਰਾਉਣ ਵਾਲੇ ਪੰਜਾਬ ਦੇ ਕਿਸਾਨ ਦਿਲਜਿੰਦਰ ਸਿੰਘ ਨੇ ਕਿਹਾ ਕਿ ਅਸੀਂ ਪਿਛਲੇ ਛੇ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਾਂ, ਪਰ ਕੰਨ 'ਤੇ ਜੂਅ ਨਹੀਂ ਰੇਂਗੀ। ਸਾਡੇ ਪੁਰਖਿਆਂ ਨੇ ਪਿਛਲੇ ਸਮੇਂ ਵਿਚ ਕਈ ਵਾਰ ਇਸ ਕਿਲ੍ਹੇ 'ਤੇ ਚੜਾਈ ਕੀਤੀ। ਸਰਕਾਰ ਲਈ ਸੰਦੇਸ਼ ਇਹ ਹੈ ਕਿ ਜੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਫਿਰ ਕਰ ਸਕਦੇ ਹਾਂ।"

ਗਾਰਡੀਅਨ ਮੁਤਾਬਕ ਗੁਰਦਾਸਪੁਰ ਦੇ 50 ਸਾਲਾ ਕਿਸਾਨ ਜਸਪਾਲ ਸਿੰਘ ਨੇ ਕਿਹਾ ਕਿ “ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੋਈ ਵੀ ਮੋੜ ਨਹੀਂ ਸਕਦਾ, ਭਾਵੇਂ ਮੋਦੀ ਸਰਕਾਰ ਜਿੰਨੀ ਮਰਜ਼ੀ ਤਾਕਤ ਵਰਤੇ, ਅਸੀਂ ਗੋਡੇ ਟੇਕਣ ਵਾਲੇ ਨਹੀਂ। ਸਰਕਾਰ ਹਿੰਸਾ ਕਰਾਉਣ ਲਈ ਪ੍ਰਦਰਸ਼ਨਕਾਰੀਆਂ 'ਚ ਆਪਣੇ ਲੋਕਾਂ ਨੂੰ ਭੇਜ ਕੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਅਸੀਂ ਇਸ ਅੰਦੋਲਨ ਨੂੰ ਸ਼ਾਂਤੀ ਨਾਲ ਅੱਗੇ ਵਧਾਵਾਂਗੇ।"

ਕੈਨੇਡਾ ਤੋਂ ਛਪੇ ਅਖ਼ਬਾਰ ਦ ਸਟਾਰ ਦੀ ਰਿਪੋਰਟ

ਕੈਨੇਡਾ ਤੋਂ ਛਪੇ ਅਖ਼ਬਾਰ ਦ ਸਟਾਰ ਨੇ ਇਸ ਖ਼ਬਰ ਨੂੰ ਛਾਪਦੇ ਹੋਏ ਲਿਖਿਆ - ‘ਮੋਦੀ ਨੂੰ ਚੁਣੌਤੀ ਦਿੰਦਿਆਂ ਭਾਰਤ ਦੇ ਲਾਲ ਕਿਲ੍ਹੇ ਵਿੱਚ ਦਾਖਲ ਹੋਏ ਨਾਰਾਜ਼ ਕਿਸਾਨ।’ ਦ ਸਟਾਰ ਨੇ ਨਿਊਜ਼ ਏਜੰਸੀ ਏਪੀ ਦੀ ਖ਼ਬਰ ਨੂੰ ਪ੍ਰਕਾਸ਼ਤ ਕੀਤਾ ਹੈ ਜਿਸ ਵਿਚ 72ਵੇਂ ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਜੋ ਕੁਝ ਵਾਪਰਿਆ ਉਸ ਬਾਰੇ ਬਾਰੇ ਦੱਸਿਆ।

ਅਖ਼ਬਾਰ ਦੀ ਇੱਕ ਰਿਪੋਰਟ ਵਿਚ ਪੰਜ ਲੋਕਾਂ ਦੇ ਪਰਿਵਾਰ ਨਾਲ ਦਿੱਲੀ ਆਉਣ ਵਾਲੇ ਸਤਪਾਲ ਸਿੰਘ ਕਹਿੰਦਾ ਹੈ, “ਅਸੀਂ ਮੋਦੀ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦੇ ਸੀ। ਅਸੀਂ ਸਮਰਪਣ ਨਹੀਂ ਕਰਾਂਗੇ।” ਉਧਰ ਇੱਕ ਹੋਰ ਨੌਜਵਾਨ ਮਨਜੀਤ ਸਿੰਘ ਨੇ ਕਿਹਾ, "ਅਸੀਂ ਜੋ ਚਾਹਾਂਗੇ ਉਹ ਕਰਾਂਗੇ। ਤੁਸੀਂ ਆਪਣੇ ਕਾਨੂੰਨਾਂ ਨੂੰ ਸਾਡੇ 'ਤੇ ਥੋਪ ਨਹੀਂ ਸਕਦੇ।"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904