'ਪੀਐੱਮ ਮੋਦੀ ਨੂੰ ਪਰਿਵਾਰਵਾਦ 'ਤੇ ਇੱਕ ਸ਼ਬਦ ਕਹਿਣ ਦਾ ਹੱਕ ਨਹੀਂ'
ਆਮ ਆਦਮੀ ਪਾਰਟੀ ਦੇ ਰਾਜਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਜੇ ਪੀਐੱਮ ਨਰੇਂਦਰ ਮੋਦੀ ਪਰਿਵਾਰਵਾਦ ਦੇ ਖ਼ਿਲਾਫ਼ ਹਨ ਤਾਂ ਉਨ੍ਹਾਂ ਨੂੰ ਦਿੱਲੀ ਦੇ ਐੱਲਜੀ ਨੂੰ ਬਰਖ਼ਾਸਤ ਕਰਨਾ ਹੋਵੇਗਾ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਰਾਜਸਭਾ ਮੈਂਬਰ ਸੰਜੈ ਸਿੰਘ ਨੇ ਇੱਕ ਵਾਰ ਮੁੜ ਉੱਪ ਰਾਜਪਾਲ ਵਿਨੈ ਕੁਮਾਰ ਸਕਸੈਨਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜਾਂਚ ਕਰਵਾਈ ਤਾਂ ਉਨ੍ਹਾਂ ਨੇ ਫੈਸਲੇ ਦਾ ਸੁਆਗਤ ਕੀਤਾ, ਪਰ ਦਾਗ਼ੀ ਐੱਲਜੀ ਦੇ ਖ਼ਿਲਾਫ਼ ਭਾਜਪਾ ਕੋਈ ਕਾਰਵਾਈ ਕਿਓਂ ਨਹੀਂ ਕਰ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਨ੍ਹਾਂ ਨੇ ਮਨੀ ਲਾਡ੍ਰਿੰਗ ਨਾਲ ਜੁੜੇ ਮਾਮਲੇ ਵਿੱਚ ਪ੍ਰੈਸ ਵਾਰਤਾ ਦੌਰਾਨ ਕੀਤਾ।
ਭਾਜਪਾ ਕਿਓਂ ਨਹੀਂ ਕਰ ਰਹੀ ਐੱਲਜੀ 'ਤੇ ਕਾਰਵਾਈ ?
ਸੰਜੇ ਸਿੰਘ ਨੇ ਕਿਹਾ, "ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਜੇ ਭਾਜਪਾ ਨੇ ਝੂਠੀ ਜਾਂਚ ਵੀ ਕੀਤੀ ਤਾਂ ਅਸੀਂ ਕੋਈ ਨਹੀਂ ਸਵਾਲ ਨਹੀਂ ਕੀਤਾ, ਪਰ ਹੁਣ ਮੈਂ ਹੈਰਾਨ ਹਾਂ ਕਿ, ਰੌਲਾ ਪਾਉਣ ਵਾਲੀ ਭਾਜਪਾ ਦਾਗ਼ੀ ਐੱਲਜੀ ਦੇ ਖ਼ਿਲਾਫ਼ ਕੋਈ ਜਾਂਚ ਕਿਓਂ ਨਹੀਂ ਕਰ ਰਹੀ। ਆਖ਼ਰ ਭਾਜਪਾ ਇਸ ਮਸਲੇ ਨੂੰ ਲੈ ਕੇ ਚੁੱਪ ਕਿਓਂ ਹੈ, ਕਿਓਂ ਭਾਜਪਾ ਐੱਲਜੀ ਤੇ ਐੱਫ਼ਆਈਆਰ ਦਰਜ ਨਹੀਂ ਕਰ ਰਹੀ, ਜਦੋਂ ਉਨ੍ਹਾਂ ਨੇ ਨੋਟਬੰਦੀ ਵਿੱਚ ਹੇਰਾਫੇਰੀ ਕੀਤੀ ਤਾਂ ਉਸ ਦੀ ਜਾਂਚ ਕਿਓਂ ਨਹੀਂ ਹੋ ਰਹੀ, ਕਿ ਆਖ਼ਰ ਉਹ ਪੈਸੇ ਕਿੱਥੇ ਗਏ। ਮਨੀਸ਼ ਸਿਸੋਦੀਆ ਦੇ ਖ਼ਿਲਾਫ਼ 14 ਘੰਟੇ ਤੱਕ ਜਾਂਚ ਕੀਤੀ ਗਈ ਪਰ ਐੱਲਜੀ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।"
ਐੱਲਜੀ ਨੂੰ ਬਰਖ਼ਾਸਤ ਕਰਨ ਪੀਐੱਮ ਨਰੇਂਦਰ ਮੋਦੀ
ਸੰਜੈ ਸਿੰਘ ਨੇ ਕਿਹਾ, "ਮੈਂ ਪੀਐੱਮ ਮੋਦੀ ਤੋਂ ਪੁੱਛਦਾ ਹਾਂ ਕਿ ਦਿੱਲੀ ਦੇ ਲੋਕਾਂ ਨੇ ਉਨ੍ਹਾਂ ਦਾ ਕੀ ਵਿਗਾੜਿਆ ਹੈ, ਕੀ ਐਲਜੀ ਦੇ ਅਹੁਦੇ ਲਈ ਕੋਈ ਚੰਗਾ ਇਮਾਨਦਾਰ ਵਿਅਕਤੀ ਨਹੀਂ ਮਿਲਿਆ ਜੋ ਤੁਸੀਂ ਦਿੱਲੀ ਨੂੰ ਦਾਗ਼ੀ ਐੱਲਜੀ ਦਿੱਤਾ। ਤੁਹਾਨੂੰ ਦਿੱਲੀ ਤੋਂ ਦਾਗ਼ੀ ਐੱਲਜੀ ਨੂੰ ਹਟਾਉਣਾ ਪਵੇਗਾ, ਅਤੇ ਇਸ ਦਾਗ਼ੀ ਐੱਲਜੀ ਨੂੰ ਅਸਤੀਫ਼ਾ ਦੇਣਾ ਪਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਹਿਲਾਂ ਐੱਲਜੀ ਕੇ.ਵੀ.ਆਈ.ਸੀ ਚੇਅਰਮੈਨ ਹੁੰਦੇ ਹੋਏ ਕਾਲ਼ੇ ਨੂੰ ਸਫ਼ੈਦ ਕਰਦੇ ਸੀ ਤੇ ਹੁਣ ਇਸਦਾ ਠੇਕਾ ਧੀ ਨੂੰ ਦੇ ਦਿੱਤਾ ਹੈ। ਹੁਣ ਪੀਐੱਮ ਮੋਦੀ ਨੂੰ ਪਰਿਵਾਰਵਾਦ 'ਤੇ ਇੱਕ ਵੀ ਸ਼ਬਦ ਕਹਿਣ ਦਾ ਹੱਕ ਨਹੀਂ ਹੈ, ਜੇ ਉਹ ਪਰਿਵਾਰਵਾਦ ਦੇ ਖ਼ਿਲਾਫ਼ ਹਨ ਤਾਂ ਐੱਲਜੀ ਨੂੰ ਬਰਖ਼ਾਸਤ ਕਰਨ।”