SC ਤੇ ST ਨੂੰ ਮਿਲੇਗਾ 10 ਲੱਖ ਵਿਆਜ਼ ਮੁਕਤ ਕਰਜ਼ ਤੇ ਪੂਰਾ ਵਾਪਸ ਕਰਨ ਦੀ ਵੀ ਲੋੜ ਨਹੀਂ
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਅਨੁਸੂਚਿਤ ਜਾਤੀ ਤੇ ਜਨਜਾਤੀ ਲਈ ਵਿਸ਼ੇਸ਼ ਕਰਜ਼ ਸਕੀਮ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਪਟਨਾ ਦੇ ਉਦਯੋਗ ਭਵਨ 'ਚ ਅਨੁਸੂਚਿਤ ਜਾਤੀ ਤੇ ਜਨਜਾਤੀ ਉੱਦਮੀ ਯੋਜਨਾ ਸਬੰਧੀ ਕਰਵਾਏ ਪ੍ਰਗੋਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਹੱਕਾਂ ਨੂੰ ਕੋਈ ਨਹੀਂ ਖੋਹ ਸਕਦਾ। ਉਨ੍ਹਾਂ ਕਿਹਾ ਕਿ ਇਸ ਦੇ ਲਈ ਅਸੀਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ।
ਕੀ ਹੈ ਯੋਜਨਾ?
ਮੁੱਖ ਮੰਤਰੀ ਨਿਤਿਸ਼ ਨੇ ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਯੋਜਨਾ ਤਹਿਤ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਦੇ ਨੌਜਵਾਨਾਂ ਨੂੰ ਉਦਯੋਗ ਲਾਉਣ ਲਈ 10 ਲੱਖ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਇਸ 'ਚੋਂ 5 ਲੱਖ ਰੁਪਏ ਗ੍ਰਾਂਟ ਦੇ ਰੂਪ 'ਚ ਦਿੱਤੇ ਜਾਣਗੇ ਜਦਕਿ ਬਾਕੀ ਪੰਜ ਲੱਖ ਬਿਨਾਂ ਵਿਆਜ 84 ਕਿਸ਼ਤਾਂ 'ਚ ਮੋੜਨਾ ਹੋਵੇਗਾ। ਕਿਸ਼ਤ ਦੀ ਸ਼ੁਰੂਆਤ ਉਸ ਵੇਲੇ ਹੋਵੇਗੀ ਜਦੋਂ ਉਦਯੋਗ ਦੀ ਸ਼ੁਰੂਆਤ ਹੋਵੇਗੀ।
ਹੋਰ ਕੀ-ਕੀ ਸੁਵਿਧਾ?
ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਪੁਰਾਣੇ ਹੋਸਟਲਾਂ ਦੀ ਬਹਾਲੀ ਦੇ ਨਾਲ ਹੀ ਨਵੇਂ ਹੋਸਟਲਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਅਨੁਸੂਚਿਤ ਜਾਤੀ ਤੇ ਜਨਜਾਤੀ ਵਰਗ ਦੇ ਵਿਦਿਆਰਥੀਆਂ ਲਈ ਪ੍ਰਤੀ ਮਹੀਨਾ 1000 ਰੁਪਏ ਸਕਾਲਰਸ਼ਿਪ ਤੇ ਮੁਫ਼ਤ ਅਨਾਜ ਮੁਹੱਈਆ ਕਰਾਉਣ ਦੀ ਯੋਜਨਾ ਵੀ ਹੈ।