ਨਵੀਂ ਦਿੱਲੀ: ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ ਵਿਜੇ ਗੋਇਲ, ਪ੍ਰਕਾਸ਼ ਜਾਵਡੇਕਰ, ਨਿਰਮਲਾ ਸੀਤਾਰਮਣ ਤੇ ਸੁਸ਼ਮਾ ਸਵਰਾਜ ਜਿਹੇ ਵੱਡੇ ਨੇਤਾਵਾਂ ਨੇ ਆਪਣੇ ਸਰਕਾਰੀ ਬੰਗਲਿਆਂ ਦਾ ਫਰਵਰੀ ਤਕ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ। ਮੰਤਰਾਲੇ ਨੇ ਇੱਕ ਆਰਟੀਆਈ ਦੇ ਜਵਾਬ ‘ਚ ਕਿਹਾ ਕਿ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਤੇ ਜਿਤੇਂਦਰ ਸਿੰਘ ਨੇ ਵੀ ਆਪਣੇ ਬੰਗਲੇ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ।



ਮੰਤਰਾਲੇ ਮੁਤਾਬਕ ਨਕਵੀ ਤੇ ਸਿੰਘ ‘ਤੇ ਇਸ ਸਮੇਂ ਦੌਰਾਨ 1.46 ਲੱਖ ਤੇ 3.18 ਲੱਖ ਰੁਪਏ ਬਕਾਇਆ ਹੈ। ਅਜੀਤ ਕੁਮਾਰ ਵੱਲੋਂ ਦਾਇਰ ਆਰਟੀਆਈ ‘ਤੇ 26 ਅਪਰੈਲ ਨੂੰ ਦਿੱਤੇ ਗਏ ਜਵਾਬ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਜਵਾਬ ‘ਚ ਕਿਹਾ ਗਿਆ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ‘ਤੇ ਫਰਵਰੀ ਤਕ 53,276 ਰੁਪਏ ਤੇ ਪ੍ਰਕਾਸ਼ ਜਾਵਡੇਕਰ ‘ਤੇ 86,923 ਰੁਪਏ ਦਾ ਬਕਾਇਆ ਹੈ।



ਇਸ ਤੋਂ ਇਲਾਵਾ ਸੰਸਦੀ ਕਾਰਜ ਰਾਜ ਮੰਤਰੀ ਵਿਜੇ ਗੋਇਲ ਨੇ ਵੀ ਕਰੀਬ ਤਿੰਨ ਲੱਖ ਰੁਪਏ ਦਾ ਭੁਗਤਾਨ ਨਹੀਂ ਕੀਤਾ। ਉਧਰ ਖੇਤੀ ਰਾਜ ਮੰਤਰੀ ਗਜੇਂਦਰ ਸਿੰਘ ‘ਤੇ ਵੀ ਫਰਵਰੀ ਤਕ ਦਾ 2,88,269 ਰੁਪਏ ਦਾ ਬਕਾਇਆ ਹੈ। ਇਸ ਆਰਟੀਆਈ ‘ਚ ਖੁਲਾਸਾ ਹੋਇਆ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ‘ਤੇ 98,890 ਰੁਪਏ ਦਾ ਬਕਾਇਆ ਹੈ।