ਸ਼ਿਲਾਂਗ: ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਵੀਰਵਾਰ ਨੂੰ ਸਿੱਖ ਭਾਈਚਾਰੇ ਤੇ ਖਾਸੀ ਵਿਚਾਲੇ ਝੜਪ ਪਿੱਛੋਂ ਤਣਾਓ ਹੋਰ ਵਧ ਗਿਆ ਹੈ। ਅਜਿਹੇ ਵਿੱਚ ਭਾਰਤੀ ਫੌਜ ਦੇ ਜਵਾਨਾਂ ਨੇ ਮੋਰਚਾ ਸੰਭਾਲਿਆ ਤੇ ਪੂਰੇ ਇਲਾਕੇ ਵਿੱਚ ਫਲੈਗ ਮਾਰਚ ਕੀਤਾ। ਫੌਜ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਤੋਂ ਕਰੀਬ 500 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਿਨ੍ਹਾਂ ਵਿੱਚੋਂ 200 ਮਹਿਲਾਵਾਂ ਤੇ ਬੱਚੇ ਸ਼ਾਮਲ ਹਨ।

 

ਸੁਰੱਖਿਆ ਵਿਭਾਗ ਦੇ ਬੁਲਾਰੇ ਰਤਨਾਕਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਫੌਜ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਫਲੈਗ ਮਾਰਚ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਕਾਨਰਾਡ ਦੇ ਸੰਗਮਾ ਨੇ ਉੱਚ ਪੱਧਰੀ ਬੈਠਕ ਕਰ ਕੇ ਹਾਲਾਤ ਦੀ ਜਾਣ ਸਮੀਖਿਆ ਕੀਤੀ। ਸ਼ਹਿਰ ਵਿੱਚ ਸ਼ੁੱਕਰਵਾਰ ਤੋਂ ਹੀ ਇੰਟਰਨੈੱਟ ਸੇਵਾਵਾਂ ਬੰਦ ਹਨ। ਥਾਣਾ ਲੂਮਡੇਨਗਿਰੀ ਦੇ 14 ਇਲਾਕਿਆਂ ਵਿੱਚ ਕਰਫਿਊ ਲਾਇਆ ਗਿਆ ਹੈ। ਪੂਰੇ ਸ਼ਿਲਾਂਗ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਇਆ ਜਾਂਦਾ ਹੈ।

ਸ਼ਿਲਾਂਗ ਸਿੱਖ ਭਾਈਚਾਰੇ ਦੇ ਲੋਕਾਂ ਨੇ ਐਸਜੀਪੀਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਦਦ ਮੰਗੀ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਸ਼ਿਲਾਂਗ ਦੇ ਸਿੱਖਾਂ ਲਈ ਸੁਰੱਖਿਆ ਅਤੇ ਮੁਆਵਜ਼ੇ ਦੀ ਮੰਗ ਕੀਤੀ। ਮੇਘਾਲਿਆ ਦੇ ਮੁੱਖ ਮੰਤਰੀ ਨਾਲ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੱਲਬਾਤ ਕੀਤੀ ਤੇ ਹਾਲਾਤ ਦਾ ਜਾਇਜ਼ਾ ਲਿਆ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਮੈਂਬਰ ਸ਼ਿਲਾਂਗ ਭੇਜਣ ਦਾ ਐਲਾਨ ਕੀਤਾ ਗਿਆ ਹੈ। ਡੀਐਸਜੀਐਮਸੀ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਮਨਿਜੰਦਰ ਸਿੰਘ ਸਿਰਸਾ ਐਤਵਾਰ ਨੂੰ ਸ਼ਿਲਾਂਗ ਰਵਾਨਾ ਹੋਣਗੇ। ਸਿੱਖ ਭਾਈਚਾਰੇ ਦੇ ਹਾਲਾਤ ਜਾਨਣ ਤੋਂ ਬਾਅਦ ਮੇਘਾਲਿਆ ਦੇ ਮੁੱਖ ਮੰਤਰੀ ਕੌਂਗਕਾਲ ਸੰਗਮਾ ਨਾਲ ਮੁਲਾਕਾਤ ਵੀ ਕਰਨਗੇ।

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਨੂੰ ਨਿੰਦਣਯੋਗ ਘਟਨਾ ਦੱਸਦਿਆਂ ਕਿਹਾ ਕਿ ਮੇਘਾਲਿਆ ਦੀ ਸਰਕਾਰ ਨੂੰ ਉੱਥੇ ਵੱਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ

ਕਿਵੇਂ ਸ਼ੁਰੂ ਹੋਇਆ ਵਿਵਾਦ


 

ਵੱਡਾ ਬਾਜ਼ਾਰ ਇਲਾਕੇ ਵਿੱਚ ਨਿੱਜੀ ਟਰੈਵਲਰ ਦੀ ਬੱਸ ਚਲਾਉਣ ਵਾਲੇ ਖਾਸੀ ਭਾਈਚਾਰੇ ਦੇ ਡਰਾਈਵਰ ਨੇ ਪੰਜਾਬੀ ਮੂਲ ਦੀ ਕੁੜੀ ਨਾਲ ਕਥਿਤ ਤੌਰ ’ਤੇ ਛੇੜਖਾਨੀ ਕੀਤੀ ਸੀ। ਉਸ ਪਿੱਛੋਂ ਕੁੜੀ ਦੇ ਜਾਣਨ ਵਾਲਿਆਂ ਡਰਾਈਵਰ ਦੀ ਕੁੱਟਮਾਰ ਕੀਤੀ। ਮਾਮਲਾ ਪੁਲਿਸ ਤਕ ਪਹੁੰਚਿਆ ਤਾਂ ਰਾਜੀਨਾਵਾਂ ਹੋ ਗਿਆ ਪਰ ਰਾਤ ਹੁੰਦਿਆਂ ਅੱਗਜ਼ਨੀ ਤੇ ਤੋੜਭੰਨ੍ਹ ਸ਼ੁਰੂ ਹੋ ਗਈ ਸੀ।

ਸ਼ਿਲਾਂਗ ਦੇ ਕੈਂਟ ਇਲਾਕੇ ਦੇ ਨਜ਼ਦੀਕ ਤਕਰੀਬਨ 200 ਸਿੱਖ ਭਾਈਚਾਰੇ ਦੇ ਪਰਿਵਾਰ ਰਹਿੰਦੇ ਹਨ ਜਿਨ੍ਹਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਆਰਮੀ ਕੈਂਟ ਵਿੱਚ ਠਹਿਰਾਇਆ ਗਿਆ ਹੈ।