ਨਵੀਂ ਦਿੱਲੀ: ਕਿਸਾਨਾਂ ਵੱਲੋਂ ਕੱਲ੍ਹ ਤੋਂ ਸ਼ੁਰੂ ਦੇਸ਼-ਵਿਆਪੀ ਅੰਦੋਲਨ ਦੇ ਚੱਲਦਿਆਂ ਖੇਤੀਬਾੜੀ ਮੰਤਰੀ ਰਾਧਾਮੋਹਨ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਸਾਨਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕਿਸਾਨ ਮੀਡੀਆ 'ਚ ਆਉਣ ਲਈ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੀਡੀਆ 'ਚ ਆਉਣ ਲਈ ਲੀਹ ਤੋਂ ਹਟ ਕੇ ਕੁਝ ਕਰਨਾ ਪੈਂਦਾ ਹੈ ਤੇ ਕਿਸਾਨ ਕੁਝ ਅਜਿਹਾ ਹੀ ਕਰ ਰਹੇ ਹਨ। ਦੂਜੇ ਪਾਸੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਬੇਲੋੜਾ ਕਰਾਰ ਦਿੰਦਿਆਂ ਕਿਹਾ ਕਿ ਕਿਸਾਨਾਂ ਦਾ ਪ੍ਰਦਰਸ਼ਨ ਬੇਵਜ੍ਹਾ ਹੈ।


ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਬੀਤੇ ਕੱਲ੍ਹ ਤੋਂ 10 ਦਿਨਾਂ ਅੰਦੋਲਨ ਸ਼ੂਰੂ ਕੀਤਾ ਹੈ। ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਜਾਵੇ ਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਾਰੀਆਂ ਸ਼ਰਤਾਂ ਲਾਗੂ ਕੀਤੀਆਂ ਜਾਣ।




ਕਿਸਾਨ ਅੰਦੋਲਨ ਦਾ ਅਸਰ ਸ਼ੁਰੂ:



ਕਿਸਾਨ ਅੰਦੋਲਨ ਕਾਰਨ ਮੰਡੀਆਂ 'ਚ ਖੇਤੀ ਉਤਪਾਦਾਂ ਦੀ ਸਪਲਾਈ ਬੰਦ ਹੋ ਗਈ ਹੈ। ਇਥੋਂ ਤੱਕ ਕਿ ਕਿਸਾਨ ਸਬਜ਼ੀਆਂ ਤੇ ਦੁੱਧ ਸੜਕ ਤੇ ਡੋਲ੍ਹ ਕੇ ਰੋਸ ਜਤਾ ਰਹੇ ਹਨ ਪਰ ਸ਼ਹਿਰਾਂ 'ਚ ਉਨ੍ਹਾਂ ਸਪਲਾਈ ਬੰਦ ਕਰ ਦਿੱਤੀ ਹੈ। ਜਿਸ ਕਾਰਨ ਸਬਜ਼ੀਆਂ ਦਾ ਮੁੱਲ ਅੱਜ ਦੂਜੇ ਦਿਨ 10 ਰੁਪਏ ਤੋਂ 20 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਧ ਗਿਆ ਹੈ ਤੇ ਆਉਂਦੇ ਦਿਨਾਂ 'ਚ ਭਾਅ ਹੋਰ ਵਧਣ ਦੀ ਸੰਭਾਵਨਾ ਹੈ।




ਕਿੱਥੇ-ਕਿੱਥੇ ਚੱਲ ਰਿਹਾ ਪ੍ਰਦਰਸ਼ਨ:



ਪੰਜਾਬ ਦੇ ਨਾਭਾ, ਲੁਧਿਆਣਾ, ਤਰਨ ਤਾਰਨ, ਨੰਗਲ ਤੇ ਫਿਰੋਜ਼ਪੁਰ ਸਣੇ ਕੀ ਸ਼ਹਿਰਾਂ 'ਚ ਕਿਸਾਨਾਂ ਨੇ ਦੁੱਧ ਤੇ ਸਬਜ਼ੀਆਂ ਦੀ ਸ਼ਹਿਰਾਂ 'ਚ ਸਪਲਾਈ 'ਤੇ ਰੋਕ ਲਾ ਦਿੱਤੀ ਹੈ। ਇਥੋਂ ਤਕ ਕਿ ਸਪਲਾਈ ਰੋਕਣ ਲਈ ਕਿਸਾਨਾਂ ਵੱਲੋਂ ਨਾਕੇਬੰਦੀ ਕੀਤੇ ਜਾਣ ਦੀਆਂ ਵੀ ਖ਼ਬਰਾਂ ਹਨ। ਫਿਰੋਜ਼ਪੁਰ ਦੇ ਕਿਸਾਨਾਂ ਨੇ ਜ਼ਬਰੀ ਸਬਜ਼ੀ ਮੰਡੀ ਬੰਦ ਕਰਵਾ ਦਿੱਤੀ। ਮੁਹਾਲੀ 'ਚ ਕੁਝ ਕਿਸਾਨਾਂ ਨੇ ਵੇਰਕਾਂ ਮਿਲਕ ਪਲਾਂਟ ਦੇ ਰਾਹ ਨੂੰ ਵੀ ਬੰਦ ਕਰ ਦਿੱਤਾ।


ਕਿਸਾਨਾਂ ਵੱਲੋਂ ਕੀਤੇ ਅੰਦੋਲਨ ਦਾ ਅਸਰ ਪੂਰੇ ਦੇਸ਼ 'ਚ ਹੀ ਦੇਖਣ ਨੂੰ ਮਿਲ ਰਿਹਾ ਹੈ। ਮਹਾਰਾਸ਼ਟਰ ਦੇ ਨਾਸਿਕ 'ਚ ਸਾਰੀਆਂ ਦੁੱਧ ਦੀਆਂ ਡੇਅਰੀਆਂ ਬੰਦ ਪਈਆਂ ਹਨ। ਕਿਸਾਨਾਂ ਨੇ ਦੁੱਧ ਸੜਕਾਂ 'ਤੇ ਰੋੜ੍ਹ ਕੇ ਰੋਸ ਜਤਾਇਆ। ਮੰਡੀ 'ਚ ਸਬਜ਼ੀਆਂ ਪਹੁੰਚਣ ਦੀ ਗਤੀ ਵੀ ਕਾਫੀ ਮੱਧਮ ਪੈ ਗਈ ਹੈ।