ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਨੂੰ ਇਨਾਮ ਦੇ ਐਲਾਨ 'ਤੇ ਭੜਕੇ ਖੇਤੀ ਮੰਤਰੀ, ਅਜਿਹੀ ਕਾਰਵਾਈ ‘ਦੇਸ਼ ਧ੍ਰੋਹ’ ਕਰਾਰ
ਚੌਧਰੀ ਨੇ ਕਿਹਾ ਕਿ ਜਿਹੜੇ ਭਾਰਤ ਮਾਤਾ ਨਾਲ ਪਿਆਰ ਕਰਦੇ ਹਨ, ਉਹ ਦੇਸ਼ ਦੇ ਮਾਣ-ਸਨਮਾਨ ਨੂੰ ਕੋਈ ਖ਼ਤਰਾ ਪੇਸ਼ ਨਹੀਂ ਹੋਣ ਦੇਣਗੇ।
ਨਵੀਂ ਦਿੱਲੀ: ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਵੱਲੋਂ 26 ਜਨਵਰੀ ਨੂੰ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕਰਨ ’ਤੇ ਕੇਂਦਰੀ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ‘ਦੇਸ਼ ਧ੍ਰੋਹ’ ਕਰਾਰ ਦਿੱਤਾ ਹੈ। ਚੌਧਰੀ ਨੇ ਇਸ ਦੇ ਨਾਲ ਹੀ ਕਿਸਾਨਾਂ ਨੂੰ 26 ਜਨਵਰੀ ਦੀ ਪ੍ਰਸਤਾਵਿਤ ‘ਟ੍ਰੈਕਟਰ ਰੈਲੀ’ ਰੱਦ ਕਰਨ ਦੀ ਬੇਨਤੀ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਨਾਲ ਦੇਸ਼ ਦੇ ਸਨਮਾਨ ਨੂੰ ਠੇਸ ਪੁੱਜਦੀ ਹੈ।
ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਲੋਕ 26 ਜਨਵਰੀ ਨੂੰ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕਰ ਰਹੇ ਹਨ, ਉਹ ਦੇਸ਼ ਹਿੱਤ ਦੀ ਗੱਲ ਨਹੀਂ ਕਰ ਰਹੇ। ਇਹ ਦੇਸ਼ ਧ੍ਰੋਹ ਦੀ ਗੱਲ ਹੈ। ਸਮੁੱਚਾ ਦੇਸ਼ ਵੇਖ ਰਿਹਾ ਹੈ ਕਿ ਕਿਹੜੇ ਲੋਕ ਅਜਿਹੀਆਂ ਗੱਲਾਂ ਕਰ ਰਹੇ ਹਨ।
ਚੌਧਰੀ ਨੇ ਕਿਹਾ ਕਿ ਜਿਹੜੇ ਭਾਰਤ ਮਾਤਾ ਨਾਲ ਪਿਆਰ ਕਰਦੇ ਹਨ, ਉਹ ਦੇਸ਼ ਦੇ ਮਾਣ-ਸਨਮਾਨ ਨੂੰ ਕੋਈ ਖ਼ਤਰਾ ਪੇਸ਼ ਨਹੀਂ ਹੋਣ ਦੇਣਗੇ। ਭਾਵੇਂ ਗਣਤੰਤਰ ਦਿਵਸ ਹੋਵੇ ਜਾਂ ਆਜ਼ਾਦੀ ਦਿਵਸ-ਇਹ ਰਾਸ਼ਟਰੀ ਤਿਉਹਾਰ ਹਨ। ਜੇ ਅਜਿਹੀਆਂ ਘਟਨਾਵਾਂ ਹੋਣਗੀਆਂ, ਤਾਂ ਦੇਸ਼ ਦੇ ਸਨਮਾਨ ਉੱਤੇ ਸੁਆਲੀਆ ਨਿਸ਼ਾਨ ਲੱਗ ਜਾਵੇਗਾ।
ਚੌਧਰੀ ਨੇ ਕਿਹਾ ਕਿ ਉਹ ਕਿਸਾਨ ਆਗੂਆਂ ਨੂੰ ਬੇਨਤੀ ਕਰਦੇ ਹਨ ਕਿ ਉਹ ਆਪਣੀ ਟ੍ਰੈਕਟਰ ਰੈਲੀ ਦਾ ਪ੍ਰੋਗਰਾਮ ਰੱਦ ਕਰ ਦੇਣ, ਤਾਂ ਦੇਸ਼ ਦਾ ਮਾਣ-ਸਨਮਾਨ ਬਰਕਰਾਰ ਰਹੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ