ਸਿਰਸਾ: ਡੇਰਾ ਸੱਚਾ ਸੌਦਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ,ਡੇਰੇ ਦੇ ਮਾਮਲਿਆਂ ਵਾਸਤੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਸਾਹਮਣੇ ਜਾਂਚ ਵਿੱਚ ਸ਼ਾਮਲ ਹੋਈ। ਐਸ ਆਈ ਟੀ ਨੇ ਉਸ ਕੋਲੋਂ ਕਰੀਬ ਤਿੰਨ ਘੰਟੇ ਪੁਲਿਸ ਚੌਕੀ ਵਿੱਚ ਪੁੱਛਗਿੱਛ ਕੀਤੀ।
ਵਿਪਾਸਨਾ ਇੰਸਾਂ ਦੀ ਪੁੱਛਗਿੱਛ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ ਐਸ ਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਵਿਪਾਸਨਾ ਨੂੰ ਨੋਟਿਸ ਭੇਜ ਕੇ ਜਾਂਚ ਲਈ ਸੱਦਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਵਿਪਾਸਨਾ ਤੋਂ ਕਈ ਸਵਾਲ ਪੁੱਛੇ ਗਏ ਹਨ। ਪੁਲਿਸ ਉਸ ਵੱਲੋਂ ਦਿੱਤੇ ਗਏ ਉੱਤਰਾਂ ਦੇ ਠੀਕ ਜਾਂ ਗ਼ਲਤ ਹੋਣ ਦੀ ਪੁਸ਼ਟੀ ਕਰੇਗੀ ਤੇ ਲੋੜ ਪੈਣ ਉੱਤੇ ਉਸ ਨੂੰ ਫਿਰ ਪੁੱਛਗਿੱਛ ਲਈ ਸੱਦਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਵਿਪਾਸਨਾ ਨੇ ਖ਼ੁਲਾਸਾ ਕੀਤਾ ਕਿ ਡੇਰਾ ਮੁਖੀ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਡੇਰਾ ਮੁਖੀ ਨੂੰ ਸਜ਼ਾ ਹੋਣ ਮਗਰੋਂ ਉਸ ਨੂੰ ਰੋਹਤਕ ਜੇਲ੍ਹ ਵਿੱਚ ਛੱਡ ਕੇ 25-26 ਅਗਸਤ ਦੀ ਰਾਤ ਨੂੰ ਡੇਰਾ ਸਿਰਸਾ ਆਈ ਸੀ, ਪਰ ਇਸ ਤੋਂ ਬਾਅਦ ਕਿਧਰ ਗਈ, ਇਸ ਦਾ ਉਸ ਨੂੰ ਪਤਾ ਨਹੀਂ।
ਉਨ੍ਹਾ ਦੱਸਿਆ ਕਿ ਅਦਿੱਤਿਆ ਇੰਸਾਂ ਬਾਰੇ ਵਿਪਾਸਨਾ ਤੋਂ ਪੁੱਛਿਆ ਗਿਆ ਸੀ ਪਰ ਉਸ ਨੇ ਕੁਝ ਵੀ ਪਤਾ ਹੋਣ ਤੋਂ ਇਨਕਾਰ ਕੀਤਾ ਹੈ।
ਜਾਂਚ ਪ੍ਰਭਾਵਿਤ ਹੋਣ ਦੀ ਗੱਲ ਕਹਿ ਕੇ ਡੀ ਐਸ ਪੀ ਕੁਲਦੀਪ ਸਿੰਘ ਬਹੁਤ ਸਾਰੇ ਸਵਾਲਾਂ ਦੇ ਜੁਆਬ ਟਾਲ ਗਏ। ਉਨ੍ਹਾਂ ਕਿਹਾ ਕਿ ਪੁਲਿਸ ਸਹੀ ਤਰੀਕੇ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸਾੜ ਫ਼ੂਕ ਵਿੱਚ ਸ਼ਾਮਿਲ ਲੋਕਾਂ ਦੀ ਪਛਾਣ ਕਰਕੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ ਪਹਿਲਾਂ ਸਿਟੀ ਥਾਣੇ ਬੁਲਾਇਆ ਗਿਆ ਸੀ, ਪਰ ਮੀਡੀਆ ਵਾਲੇ ਉਥੇ ਪਹੁੰਚ ਜਾਣ ਕਾਰਨ ਉਹ ਉਥੇ ਨਹੀਂ ਆਈ, ਜਿਸ ਪਿੱਛੋਂ ਉਸ ਨੂੰ ਹੁੱਡਾ ਦੇ ਸੈਕਟਰ 20 ਦੀ ਚੌਕੀ ਵਿੱਚ ਬੁਲਾਇਆ ਗਿਆ। ਉਹ ਪੁਲਿਸ ਚੌਕੀ ਵਿੱਚ ਬਾਅਦ ਦੁਪਹਿਰ 2 ਵੱਜ ਕੇ 40 ਮਿੰਟ ਉੱਤੇ ਆਈ ਤਾਂ ਉਸ ਤੋਂ ਲਗਾਤਾਰ ਛੇ ਵਜੇ ਤੱਕ ਪੁੱਛਗਿੱਛ ਕੀਤੀ ਗਈ।