ਸਿੱਖ ਕਤਲੇਆਮ: 11 ਸਿੱਖਾਂ ਦੇ ਕਤਲ ਕੇਸਾਂ ਦੀਆਂ ਫ਼ਾਈਲਾਂ ਮੁੜ ਖੋਲ੍ਹ ਕੇ ਇਕੱਠੇ ਕੀਤੇ ਸਬੂਤ, 62 ਮੁਲਜ਼ਮਾਂ ’ਤੇ ਚੱਲਣਗੇ ਕੇਸ
ਯੋਗੀ ਸਰਕਾਰ ਨੇ ਸਾਲ 2019 ’ਚ 1984 ਸਿੱਖ ਕਤਲੇਆਮ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਵਾਸਤੇ SIT ਕਾਇਮ ਕੀਤੀ ਸੀ। ਨਵੰਬਰ 1984 ’ਚ ਦੰਗਾਕਾਰੀਆਂ ਵੱਲੋਂ ਕੀਤੇ ਗਏ ਕਤਲਾਂ ਤੇ ਡਕੈਤੀ ਦੇ ਮਾਮਲਿਆਂ ’ਚ ਹੁਣ ਸਾਰੇ ਸਬੂਤ ਦੁਬਾਰਾ ਇਕੱਠੇ ਕਰ ਲਏ ਗਏ ਹਨ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਨਵੰਬਰ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੀਆਂ ਫ਼ਾਈਲਾਂ ਮੁੜ ਖੋਲ੍ਹ ਦਿੱਤੀਆਂ ਗਈਆਂ ਹਨ ਤੇ ਉਨ੍ਹਾਂ ਨਾਲ ਸਬੰਧਤ ਸਾਰੇ ਸਬੂਤ ਵੀ ਇੱਕ ਵਾਰ ਫਿਰ ਇਕੱਠੇ ਕਰ ਲਏ ਗਏ ਹਨ। 31 ਅਕਤੂਬਰ, 1984 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਰਾਜਧਾਨੀ ਨਵੀਂ ਦਿੱਲੀ ਸਮੇਤ ਦੇਸ਼ ਦੇ ਕਈ ਇਲਾਕਿਆਂ ’ਚ ਦੰਗੇ ਭੜਕ ਗਏ ਸਨ। ਕਾਨਪੁਰ ਵੀ ਉਨ੍ਹਾਂ ’ਚੋਂ ਇੱਕ ਸੀ।
ਇੱਥੇ ਗੋਵਿੰਦਨਗਰ ਇਲਾਕੇ ਦੇ ਜਿਹੜੇ 11 ਸਿੱਖਾਂ ਦੇ ਕਤਲ ਕੇਸਾਂ ਦੀਆਂ ਫ਼ਾਈਲਾਂ ਕਾਨਪੁਰ ਪੁਲਿਸ ਨੇ ਪਹਿਲਾਂ ਬੰਦ ਕਰ ਦਿੱਤੀਆਂ ਗਈਆਂ ਸਨ; ਉਨ੍ਹਾਂ ਨੂੰ ਹੁਣ ਮੁੜ ਖੋਲ੍ਹ ਕੇ ਸਾਰੇ ਸਬੂਤ ਇਕੱਠੇ ਕੀਤੇ ਗਏ ਹਨ। ਜਾਂਚ ਦੌਰਾਨ ਪਤਾ ਲੱਗਾ ਹੈ ਕਿ 11 ਸਿੱਖਾਂ ਦੇ ਕਤਲਾਂ ਪਿੱਛੇ 62 ਵਿਅਕਤੀਆਂ ਦਾ ਹੱਥ ਸੀ। ਉਨ੍ਹਾਂ ਸਭ ਦੀ ਸ਼ਨਾਖ਼ਤ ਕਰ ਲਈ ਗਈ ਹੈ ਪਰ ਉਨ੍ਹਾਂ ਵਿੱਚੋਂ ਲਗਪਗ ਇੱਕ ਦਰਜਨ ਦੀ ਤਾਂ ਮੌਤ ਹੋ ਚੁੱਕੀ ਹੈ।
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੀ ਆਦਿੱਤਿਆ ਨਾਥ ਯੋਗੀ ਦੀ ਸਰਕਾਰ ਨੇ ਸਾਲ 2019 ’ਚ 1984 ਸਿੱਖ ਕਤਲੇਆਮ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਵਾਸਤੇ ਇੱਕ ‘ਵਿਸ਼ੇਸ਼ ਜਾਂਚ ਟੀਮ’ (SIT) ਕਾਇਮ ਕੀਤੀ ਸੀ। ਨਵੰਬਰ 1984 ’ਚ ਦੰਗਾਕਾਰੀਆਂ ਦੀਆਂ ਵੱਡੀਆਂ ਹਿੰਸਕ ਭੀੜਾਂ ਵੱਲੋਂ ਕੀਤੇ ਗਏ ਕਤਲਾਂ ਤੇ ਡਕੈਤੀ ਦੇ ਮਾਮਲਿਆਂ ’ਚ ਹੁਣ ਸਾਰੇ ਸਬੂਤ ਦੁਬਾਰਾ ਇਕੱਠੇ ਕਰ ਲਏ ਗਏ ਹਨ।
ਸੂਤਰਾਂ ਨੇ ਦੱਸਿਆ ਕਿ ਇਹ ਸਬੂਤ ਇਕੱਠੇ ਕਰਨ ਦਾ ਕੰਮ ਪਿਛਲੇ ਮਹੀਨੇ ਹੀ ਮੁਕੰਮਲ ਕਰ ਲਿਆ ਗਿਆ ਸੀ। ਜਿਹੜੇ ਮੁਲਜ਼ਮਾਂ ਦੀ ਹੁਣ ਸ਼ਨਾਖ਼ਤ ਕੀਤੀ ਗਈ ਹੈ, ਉਨ੍ਹਾਂ ’ਚੋਂ ਬਹੁਤਿਆਂ ਦੀ ਉਮਰ ਹੁਣ 70 ਸਾਲ ਤੋਂ ਵੱਧ ਹੈ। ‘ਦ ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਅਨੁਸਾਰ ਐੱਸਪੀ ਤੇ SIT ਦੇ ਮੈਂਬਰ ਬਲੇਂਦੂ ਭੂਸ਼ਣ ਨੇ ਦੱਸਿਆ ਕਿ ਕੁਝ ਮੁਲਜ਼ਮ ਅਜਿਹੇ ਵੀ ਹਨ, ਜਿਹੜੇ ਇੱਕ ਤੋਂ ਵੱਧ ਮਾਮਲਿਆਂ ’ਚ ਪੁਲਿਸ ਨੂੰ ਲੋੜੀਂਦੇ ਹਨ।
ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਤੇ SIT ਦੇ ਮੁਖੀ ਅਤੁਲ ਨੇ ਦੱਸਿਆ ਕਿ 11 ਸਿੱਖਾਂ ਦੇ ਕਤਲ ਕੇਸਾਂ ਦੇ ਮੁੜ ਇਕੱਠੇ ਕੀਤੇ ਗਏ ਸਬੂਤਾਂ ਦੀ ਹੁਣ ਪੂਰੀ ਘੋਖ-ਪੜਤਾਲ ਕੀਤੀ ਜਾ ਰਹੀ ਹੈ। ਅਗਲੇਰੀ ਕਾਰਵਾਈ ਤੋਂ ਪਹਿਲਾਂ ਇਨ੍ਹਾਂ ਸਾਰੇ ਸਬੂਤਾਂ ਦੀ ਪੁਖ਼ਤਗੀ ਉੱਤੇ ਗ਼ੌਰ ਕੀਤਾ ਜਾਵੇਗਾ। ਕਾਨੂੰਨੀ ਪੱਖਾਂ ਬਾਰੇ ਵੀ ਨਿੱਠ ਕੇ ਵਿਚਾਰ-ਵਟਾਂਦਰਾ ਹੋਵੇਗਾ।
SIT ਦੇ ਮੈਂਬਰ ਅਧਿਕਾਰੀਆਂ ਨੇ ਕਾਨਪੁਰ ਦੇ ਸਿੱਖਾਂ ਦੇ ਕਤਲ ਕੇਸਾਂ ਦੇ 10 ਮੁੱਖ ਗਵਾਹਾਂ ਨੂੰ ਲੱਭਣ ਲਈ ਵੀ ਕਾਫ਼ੀ ਕੋਸ਼ਿਸ਼ਾਂ ਕਰਨੀਆਂ ਪਈਆਂ ਹਨ। ਇਸ ਲਈ ਉਨ੍ਹਾਂ ਨੂੰ ਗਵਾਹਾਂ ਦੇ ਬਿਆਨ ਦਰਜ ਕਰਵਾਉਣ ਲਈ ਪੰਜਾਬ, ਹਰਿਆਣਾ ਤੇ ਮੱਧ ਪ੍ਰਦੇਸ਼ ਤੱਕ ਵੀ ਜਾਣਾ ਪਿਆ।
ਕਾਨਪੁਰ ਦੇ ਇਨ੍ਹਾਂ ਕਤਲ ਕੇਸਾਂ ਦੀ ਜਾਂਚ ਲਈ ਰੰਗਨਾਥ ਮਿਸ਼ਰਾ ਕਮਿਸ਼ਨ ਕੋਲ ਜਮ੍ਹਾ ਕਰਵਾਏ ਗਏ 135 ਹਲਫ਼ੀਆ ਬਿਆਨਾਂ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਗਿਆ ਹੈ। ਮਿਸ਼ਰਾ ਕਮਿਸ਼ਨ ਉਦੋਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਕਾਇਮ ਕੀਤਾ ਸੀ; ਜਿਸ ਨੇ ਦਿੱਲੀ, ਬੋਕਾਰੋ ਤੇ ਕਾਨਪੁਰ ਦੇ ਸਿੱਖ-ਵਿਰੋਧੀ ਦੰਗਿਆਂ ਦੀ ਜਾਂਚ ਕਰਨੀ ਸੀ।
ਨਵੰਬਰ 1984 ਦੀ ਹਿੰਸਾ ਦੌਰਾਨ ਕਾਨਪੁਰ ’ਚ 127 ਸਿੱਖ ਮਾਰੇ ਗਏ ਸਨ। SIT ਨੂੰ ਸਾਲ 2019 ’ਚ ਕਾਇਮ ਕੀਤਾ ਗਿਆ ਸੀ। ਇਸ ਵਿਸ਼ੇਸ਼ ਜਾਂਚ ਟੀਮ ਨੇ ਕਾਨਪੁਰ ਦੇ ਸਿੱਖ-ਵਿਰੋਧੀ ਦੰਗਿਆਂ ’ਚ ਦਾਇਰ ਹੋਏ ਕੁੱਲ 1,251 ਕੇਸਾਂ ਦੀਆਂ ਫ਼ਾਈਲਾਂ ਦਾ ਵੀ ਅਧਿਐਨ ਕੀਤਾ ਹੈ। ਉਨ੍ਹਾਂ ਵਿੱਚੋਂ 11 ਅਜਿਹੇ ਮਾਮਲੇ ਚੁਣੇ ਗਏ, ਜਿਨ੍ਹਾਂ ’ਚ ਚਾਰਜਸ਼ੀਟ ਦਾਇਰ ਹੋ ਚੁੱਕੀ ਸੀ।