ਨਵੀਂ ਦਿੱਲੀ: ਦਿੱਲੀ ਦੇ ਬੱਲੀਮਾਰਾਨ ਸਥਿਤ ਰਾਬੀਆ ਗਰਲਜ਼ ਪਬਲਿਕ ਸਕੂਲ  ਵੱਲੋਂ ਫੀਸ ਨਾ ਜਮ੍ਹਾ ਕਰਾਉਣ ਲਈ 5 ਤੋਂ 8 ਸਾਲ ਦੀਆਂ 59 ਬੱਚੀਆਂ ਨੂੰ ਬੇਸਮੈਂਟ ਵਿੱਚ 5 ਘੰਟਿਆਂ ਤਕ ਬੰਦ ਰੱਖਿਆ ਗਿਆ। ਇਹ ਘਟਨਾ ਸੋਮਵਾਰ ਦੀ ਹੈ ਪਰ ਮਾਮਲਾ ਮੰਗਲਵਾਰ ਨੂੰ ਸਾਹਮਣੇ ਆਇਆ। ਅਜਿਹਾ ਸਕੂਲ ਦੀ ਮੁੱਖ ਅਧਿਆਪਕਾ ਦੀਬਾ ਖਾਨ ਦੇ ਕਹਿਣ ’ਤੇ ਕੀਤਾ ਗਿਆ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਦੁਪਹਿਰ ਕਰੀਬ 12.30 ਵਜੇ ਜਦੋਂ ਉਹ ਬੱਚਿਆਂ ਨੂੰ ਲੈਣ ਲਈ ਸਕੂਲ ਪੁੱਜੇ ਤਾਂ ਬੱਚੇ ਜਮਾਤਾਂ ਵਿੱਚ ਨਹੀਂ ਸਨ। ਅਧਿਆਪਕਾਂ ਨੂੰ ਬੱਚਿਆਂ ਬਾਰੇ ਪੁੱਛਣ ’ਤੇ ਪਤਾ ਲੱਗਾ ਕਿ 59 ਬੱਚੇ ਜਮਾਤਾਂ ਵਿੱਚ ਨਹੀਂ ਸਨ। ਫੀਸ ਨਾ ਭਰਨ ਦੀ ਵਜ੍ਹਾ ਕਰਕੇ ਉਨ੍ਹਾਂ 59 ਬੱਚੀਆਂ ਦੀ ਹਾਜ਼ਰੀ ਵੀ ਨਹੀਂ ਲਾਈ ਗਈ ਤੇ ਉਨ੍ਹਾਂ ਨੂੰ ਬੇਸਮੈਂਟ ਵਿੱਚ ਰੱਖਿਆ ਗਿਆ ਸੀ।

ਮਾਪਿਆਂ ਮੁਤਾਬਕ ਬੱਚੀਆਂ ਨੂੰ ਕਮਰੇ ਵਿੱਚ ਭੁੰਜੇ ਬਿਠਾਇਆ ਗਿਆ ਸੀ ਜਿੱਥੇ ਪੱਖਾ ਵੀ ਨਹੀਂ ਲੱਗਾ ਹੋਇਆ ਸੀ। ਬੱਚੀਆਂ ਗਰਮੀ ਤੇ ਭੁੱਖ-ਪਿਆਸ ਨਾਲ ਬੇਹਾਲ ਹੋ ਚੁੱਕੀਆਂ ਸੀ। ਇਸ ਦੌਰਾਨ ਬੱਚੀਆਂ ਨੂੰ ਟਾਇਲਟ ਜਾਣੋਂ ਵੀ ਰੋਕਿਆ ਗਿਆ। ਜਦੋਂ ਮਾਪਿਆਂ ਨੇ ਮੁੱਖ ਅਧਿਆਪਕਾ ਕੋਲ ਇਸ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੂੰ ਸਕੂਲੋਂ ਬਾਹਰ ਨਿਕਲਣ ਦੀ ਧਮਕੀ ਦਿੱਤੀ ਗਈ। ਬੰਦ ਕੀਤੀਆਂ 59 ਬੱਚੀਆਂ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੇ ਸਤੰਬਰ ਤਕ ਦੀ ਫੀਸ ਜਮ੍ਹਾ ਕਰਾਈ ਹੋਈ ਹੈ। ਇੱਕ ਬੱਚੀ ਦੇ ਮਾਪਿਆਂ ਨੇ ਮੀਡੀਆ ਨੂੰ ਫੀਸ ਦਾ ਚੈੱਕ ਵੀ ਦਿਖਾਇਆ।

ਉੱਧਰ ਸਕੂਲ ਪ੍ਰਸ਼ਾਸਨ ਨੇ ਆਪਣੀ ਸਫਾਈ ’ਚ ਕਿਹਾ ਕਿ ਇਹ ਬੇਸਮੈਂਟ ਨਹੀਂ, ਬਲਕਿ ਐਕਟੀਵਿਟੀ ਰੂਮ ਹੈ। ਉੱਥੇ ਹਵਾ ਤੇ ਲਾਈਟ ਦੀ ਵਿਵਸਥਾ ਵੀ ਹੈ।

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਨਾਲ ਝਟਕਾ ਲੱਗਾ ਹੈ। ਜਿਵੇਂ ਹੀ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ, ਉਨ੍ਹਾਂ ਤੁਰੰਤ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਕਰਨ ਦਾ ਹੁਕਮ ਦੇ ਦਿੱਤਾ।