ਕਾਂਗਰਸ ਸਰਕਾਰ ਵੇਲੇ ਮਹਿੰਗਾਈ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੀ ਸਮ੍ਰਿਤੀ ਇਰਾਨੀ ਨੇ ਹੁਣ ਮਹਿੰਗਾਈ 'ਤੇ ਵੱਟੀ 'ਚੁੱਪ'
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਸ਼ਨੀਵਾਰ ਨੂੰ ਚੰਡੀਗੜ੍ਹ ਪਹੁੰਚੀ ਸੀ। ਜਿੱਥੇ ਪੱਤਰਕਾਰਾਂ ਨੂੰ ਕਾਫੀ ਦੇਰ ਤੱਕ ਇੰਤਜ਼ਾਰ ਕਰਵਾਉਣ ਤੋਂ ਬਾਅਦ ਆਈ ਤੇ ਉਹ ਲੋਕਾਂ ਦੇ ਭਖਦੇ ਮਸਲਿਆਂ ਦਾ ਜਵਾਬ ਦਿੱਤੇ ਬਿਨਾਂ ਹੀ ਚਲੀ ਗਈ।
ਨਵੀਂ ਦਿੱਲੀ: ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਸ਼ਨੀਵਾਰ ਨੂੰ ਚੰਡੀਗੜ੍ਹ ਪਹੁੰਚੀ ਸੀ। ਜਿੱਥੇ ਪੱਤਰਕਾਰਾਂ ਨੂੰ ਕਾਫੀ ਦੇਰ ਤੱਕ ਇੰਤਜ਼ਾਰ ਕਰਵਾਉਣ ਤੋਂ ਬਾਅਦ ਆਈ ਤੇ ਉਹ ਲੋਕਾਂ ਦੇ ਭਖਦੇ ਮਸਲਿਆਂ ਦਾ ਜਵਾਬ ਦਿੱਤੇ ਬਿਨਾਂ ਹੀ ਚਲੀ ਗਈ। ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਪੈਟਰੋਲ-ਡੀਜ਼ਲ ਤੇ ਗੈਸ ਸਿਲੰਡਰ ਦੇ ਰੇਟਾਂ 'ਚ ਵਾਧੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਵਾਲੀ ਸਮ੍ਰਿਤੀ ਇਰਾਨੀ ਇਨ੍ਹਾਂ ਮੁੱਦਿਆਂ 'ਤੇ ਜਵਾਬ ਦੇਣ ਤੋਂ ਬਚਦੀ ਨਜ਼ਰ ਆਈ।
ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ’ਤੇ ਆਪਣਾ ਹੱਕ ਜਤਾਉਣ ਅਤੇ ਇਸ ਮੁੱਦੇ ’ਤੇ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਬਾਰੇ ਪੁੱਛੇ ਸਵਾਲ ਦਾ ਵੀ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਗੈਰ ਰਸਮੀ ਤੌਰ 'ਤੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਰਾਹੁਲ ਗਾਂਧੀ ਨਹੀਂ ਹਨ, ਜੋ ਸਵਾਲਾਂ ਤੋਂ ਭੱਜ ਜਾਣਗੇ।
ਉਨ੍ਹਾਂ ਔਰਤਾਂ ਲਈ ਰਸੋਈ ਗੈਸ ਮਹਿੰਗੀ ਕਰਨ ਦੇ ਸਵਾਲ ਦਾ ਵੀ ਜਵਾਬ ਨਹੀਂ ਦਿੱਤਾ। ਸਮ੍ਰਿਤੀ ਇਰਾਨੀ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ ਆਪਣੇ ਮੰਤਰਾਲੇ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਵੇਗੀ। ਅਜਿਹੇ 'ਚ ਸਪੱਸ਼ਟ ਹੁੰਦਾ ਹੈ ਕਿ ਮਹਿੰਗਾਈ ਨੂੰ ਲੈ ਕੇ ਜਿਨ੍ਹਾਂ ਮੁੱਦਿਆਂ ਅਤੇ ਵਾਅਦਿਆਂ ਨੂੰ ਲੈ ਕੇ ਭਾਜਪਾ ਨੇ ਸਰਕਾਰ ਬਣਾਈ ਸੀ। ਹੁਣ ਉਨ੍ਹਾਂ ਹੀ ਮੁੱਦਿਆਂ ਤੋਂ ਭਾਜਪਾ ਦੇ ਕੇਂਦਰੀ ਨੇਤਾਵਾਂ ਵਲੋਂ ਬੱਚਦੇ ਨਜ਼ਰ ਆਏ ਹਨ।
ਇੱਕ ਸਵਾਲ ਦੇ ਜਵਾਬ ਵਿੱਚ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਵਿਆਹ ਦੀ ਉਮਰ ਬਾਰੇ ਐਕਟ ਸੰਸਦ ਵਿੱਚ ਵਿਚਾਰ ਅਧੀਨ ਹੈ। ਉਸ ਨੂੰ ਸਥਾਈ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸੰਵਿਧਾਨਕ ਮਰਿਆਦਾ ਦੀ ਉਲੰਘਣਾ ਕਰਕੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ। ਵਿਆਹ ਲਈ ਲੜਕੀਆਂ ਦੀ ਉਮਰ ਵਧਾਉਣਾ ਹਰ ਧਰਮ 'ਤੇ ਲਾਗੂ ਹੋਣਾ ਚਾਹੀਦਾ ਹੈ, ਅਜਿਹਾ ਪ੍ਰਸਤਾਵ ਉਨ੍ਹਾਂ ਨੇ ਸੰਸਦ 'ਚ ਰੱਖਿਆ ਹੈ।