ਲੋਕਾਂ ਦੇ ਅਜਿਹਾ ਕਰਨ 'ਤੇ ਮੇਲੇ ਵਿੱਚ ਪ੍ਰੋਗਰਾਮ ਪੇਸ਼ ਕਰਨ ਆਏ ਕਲਾਕਾਰਾਂ ਨੇ ਵੀ ਉਨ੍ਹਾਂ ਨੂੰ ਵਾਰ-ਵਾਰ ਸੁਚੇਤ ਕੀਤਾ ਸੀ। ਬਾਅਦ ਦੁਪਹਿਰ ਜਦ ਇਕ ਗਾਇਕ ਲੋਕਾਂ ਦਾ ਮਨੋਰੰਜਨ ਕਰ ਰਿਹਾ ਸੀ ਤਾਂ ਸਟੇਜ ਸੰਚਾਲਕ ਨੇ ਕਿਹਾ ਸੀ ਕਿ, ਭਾਅ ਜੀ ਤੁਸੀ ਸਾਰੇ ਜੋ ਪਟੜੀ 'ਤੇ ਖੜ੍ਹੇ ਹੋ, ਤੁਹਾਨੂੰ ਟ੍ਰੇਨਾਂ ਦਾ ਟਾਈਮ ਪਤਾ ਹੈ ਕਿ ਕਿਹੜੀ ਕਦੋਂ ਲੰਘਣੀ ਹੈ, ਪਰ ਜਦ ਉਹ ਜਾਂਦੀ ਹੈ ਤਾਂ ਇਹ ਨਹੀਂ ਪੁੱਛਦੀ ਕਿ ਅੱਗੇ ਕੌਣ ਖੜ੍ਹਾ ਹੈ।
'ਕਿੱਲਰ ਟ੍ਰੇਨ' ਯਾਨੀ 59 ਲੋਕਾਂ ਨੂੰ ਦਰੜਨ ਵਾਲੇ ਜਲੰਧਰ-ਅੰਮ੍ਰਿਤਸਰ ਡੀਐਮਯੂ ਤੋਂ ਪਹਿਲਾਂ ਹਾਵੜਾ ਮੇਲ ਵੀ ਉਸੇ ਥਾਂ ਤੋਂ ਲੰਘੀ ਸੀ ਅਤੇ ਪਹਿਲਾਂ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਉਸ ਟਰੇਨ ਨਾਲ ਵੀ ਹਾਦਸਾ ਹੋਇਆ ਹੈ। ਪਰ ਜਦ ਲੁਧਿਆਣਾ ਸਟੇਸ਼ਨ 'ਤੇ ਇਸ ਦੇ ਚਾਲਕ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਵੀ ਦੱਸਿਆ ਕਿ ਜਦ ਉਹ ਟ੍ਰੇਨ ਲੈਕੇ ਲੰਘਿਆ ਸੀ ਤਾਂ ਪੁਲਿਸ ਨੇ ਭੀੜ ਨੂੰ ਉੱਥੋਂ ਹਟਾ ਦਿੱਤਾ ਸੀ। ਪਰ ਡੀਐਮਯੂ ਆਉਣ ਤੋਂ ਪਹਿਲਾਂ ਅਜਿਹਾ ਕਿਉਂ ਨਹੀਂ ਕੀਤਾ ਗਿਆ, ਇਹ ਜਾਂਚ ਦਾ ਵਿਸ਼ਾ ਹੈ।
ਇਸ ਤੋਂ ਬਾਅਦ ਹਾਦਸੇ ਤੋਂ ਐਨ ਪਹਿਲਾਂ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਦੱਸਣ ਮੁਤਾਬਕ ਲੋਕਾਂ ਨੂੰ ਲਾਈਨਾਂ ਤੋਂ ਦੂਰ ਰਹਿਣ ਦੀ ਵਾਰ-ਵਾਰ ਅਪੀਲ ਕੀਤੀ ਗਈ ਸੀ। ਪਰ ਜਿਓਂ ਹੀ ਰਾਵਣ ਦਹਿਨ ਦੀ ਰਸਮ ਅਦਾ ਕੀਤੀ ਗਈ ਤਾਂ ਕੁਝ ਹੀ ਸਕਿੰਟਾਂ ਵਿੱਚ ਡੀਐਮਯੂ ਲੋਕਾਂ 'ਤੇ ਆ ਚੜ੍ਹੀ। ਲੋਕ ਪਟਾਕਿਆਂ ਦੀ ਆਵਾਜ਼ ਕਾਰਨ ਟ੍ਰੇਨ ਦਾ ਹਾਰਨ ਵੀ ਨਹੀਂ ਸੁਣ ਸਕੇ ਤੇ ਮੌਤ ਦੇ ਮੂੰਹ ਵਿੱਚ ਜਾ ਵੜੇ।
ਇੱਥੇ ਇੱਕ ਹੋਰ ਇਤਫ਼ਾਕ ਵੀ ਜੁੜਦਾ ਹੈ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇਸੇ ਦੁਸਹਿਰੇ ਮੇਲੇ ਦੇ ਪੋਸਟਰ ਦੀ ਖ਼ੂਬ ਚਰਚਾ ਹੋਈ ਸੀ। ਇਸ ਦਾ ਕਾਰਨ ਸੀ ਪੋਸਟਰ 'ਤੇ 'ਬਦੀ 'ਤੇ ਨੇਕੀ ਦੀ ਜਿੱਤ' ਦੀ ਥਾਂ 'ਨੇਕੀ 'ਤੇ ਬਦੀ ਦੀ ਜਿੱਤ' ਲਿਖ ਦਿੱਤਾ ਗਿਆ ਸੀ। ਪਰ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਇਸ ਮੇਲੇ ਦੀ ਇੰਨੀ ਕੌੜੀ ਤੇ ਦੁੱਖਦਾਈ ਯਾਦ ਰਹਿ ਜਾਵੇਗੀ।