ਨਵੀਂ ਦਿੱਲੀ: ਏਅਰਫੋਰਸ ਦੇ ਗਰੁੱਪ ਕੈਪਟਨ ਨੂੰ ਖੁਫੀਆ ਜਾਣਕਾਰੀਆਂ ਲੀਕ ਕਰਨ ਦੇ ਇਲਜ਼ਾਮ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਹੈ। ਗਰੁੱਪ ਕੈਪਟਨ ਦਾ ਨਾਂ ਅਰੁਣ ਮਾਰਵਾਹ ਹੈ। ਅਰੁਣ ਨੂੰ ਆਫੀਸ਼ਿਅਲ ਸੀਕ੍ਰੇਟ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।

ਮਾਰਵਾਹ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਹਨੀਟ੍ਰੈਪ ਰਾਹੀਂ ਫਸਾਇਆ ਗਿਆ ਤੇ ਖੁਫੀਆ ਜਾਣਕਾਰੀਆਂ ਲਈਆਂ ਗਈਆਂ। ਇਲਜ਼ਾਮ ਹੈ ਕਿ ਉਨ੍ਹਾਂ ਨੇ ਇਹ ਜਾਣਕਾਰੀਆਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੂੰ ਦਿੱਤੀਆਂ ਹਨ।

ਅਰੁਣ ਮਾਰਵਾਹ 'ਤੇ ਇਹ ਵੀ ਇਲਜ਼ਾਮ ਹੈ ਕਿ ਉਹ ਏਅਰਫੋਰਸ ਹੈੱਡਕੁਆਰਟਰ ਵਿੱਚ ਆਪਣਾ ਫੋਨ ਲੈ ਕੇ ਜਾਂਦੇ ਸਨ। ਏਅਰਫੋਰਸ ਅਫਸਰਾਂ ਨੂੰ ਖਾਸ ਫੋਨ ਦਿੱਤੇ ਜਾਂਦੇ ਹਨ। ਏਅਰਫੋਰਸ ਦੇ ਅਫਸਰ ਆਮ ਲੋਕਾਂ ਦੇ ਇਸਤੇਮਾਲ ਵਾਲੇ ਫੋਨ ਨਹੀਂ ਵਰਤ ਸਕਦੇ। ਮੰਨਿਆ ਜਾ ਰਿਹਾ ਹੈ ਕਿ ਅਰੁਣ ਮਾਰਵਾਹ ਇਸੇ ਫੋਨ ਦ ਰਾਹੀਂ ਜਾਣਕਾਰੀਆਂ ਲੀਕ ਕਰ ਰਹੇ ਸਨ।

ਸੂਤਰਾਂ ਮੁਤਾਬਕ ਗਰੁੱਪ ਕੈਪਟਨ ਅਰੁਣ ਮਾਰਵਾਹ ਦਸੰਬਰ ਵਿੱਚ ਤ੍ਰਿਵੇਂਦਰਮ ਗਏ ਸਨ। ਉੱਥੇ ਉਨ੍ਹਾਂ ਨੂੰ ਕਿਰਨ ਰੰਧਾਵਾ ਨਾਂ ਦੀ ਕੁੜੀ ਦੀ ਆਈਡੀ ਤੋਂ ਰਿਕਵੈਸਟ ਆਈ ਤੇ ਉਨ੍ਹਾਂ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਉਨ੍ਹਾਂ ਨੇ ਚੈਟਿੰਗ ਰਾਹੀਂ ਕੁਝ ਵੀਡੀਓ ਤੇ ਫੋਟੋ ਵੀ ਸ਼ੇਅਰ ਕੀਤੇ ਹਨ।

ਹਨੀਟ੍ਰੈਪ ਵਿੱਚ ਖੂਬਸੂਰਤ ਕੁੜੀਆਂ ਨੂੰ ਅੱਗੇ ਕਰਕੇ ਪਹਿਲਾਂ ਫਸਾਇਆ ਜਾਂਦਾ ਹੈ ਫਿਰ ਤੋਂ ਖੁਫੀਆ ਜਾਣਕਾਰੀਆਂ ਲਈਆਂ ਜਾਂਦੀਆਂ ਹਨ। ਅਰੁਣ ਨੇ ਆਪਣੀ ਵਰਦੀ ਵਿੱਚ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ ਜਦਕਿ ਉਹ ਸਰਵਿਸ ਦੌਰਾਨ ਅਜਿਹਾ ਨਹੀਂ ਕਰ ਸਕਦੇ ਸੀ।