ਚੰਡੀਗੜ੍ਹ: ਮੰਗਲਵਾਰ ਦਾ ਦਿਨ ਭਾਰਤ ਦੇ ਖੇਡ ਪ੍ਰੇਮੀਆਂ ਲਈ ਦੁਖਦ ਸਮਾਚਾਰ ਲੈ ਕੇ ਆਇਆ। 1970 ਤੇ 1980 ਦੇ ਦਹਾਕੇ ਵਿੱਚ ਖੇਡ ਕਮੈਂਟਰੀ ਦੀ ਜਾਨ ਰਹੇ, ਕਮੈਂਟੇਟਰ ਜਸਦੇਵ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਜਸਦੇਵ ਸਿੰਘ ਦੀ ਉਮਰ 87 ਸਾਲ ਸੀ। ਲੰਮੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਿੱਲੀ ਵਿੱਚ ਆਖਰੀ ਸਾਹ ਲਿਆ।
ਉਨ੍ਹਾਂ ਦੀ ਆਵਾਜ਼ ਨੂੰ ਦੂਰਦਰਸ਼ਨ ’ਤੇ ਭਾਰਤੀ ਖੇਡ ਜਗਤ ਦੀ ਆਵਾਜ਼ ਵਜੋਂ ਵੀ ਜਾਣਿਆ ਜਾਂਦਾ ਸੀ। 1970 ਤੋਂ ਲੈ ਕੇ 80 ਦੇ ਦਹਾਕੇ ਦੇ ਆਖਰੀ ਸਾਲਾਂ ਤਕ ਆਕਾਸ਼ਵਾਣੀ ਤੇ ਦੂਰਦਰਸ਼ਨ ਨੈੱਟਵਰਕ 'ਤੇ ਖੇਡਾਂ ਦੀ ਕਵਰੇਜ ਦੀ ਖੂਬ ਚਰਚਾ ਰਹੀ ਸੀ। ਇਸੇ ਦੌਰਾਨ ਜਸਦੇਵ ਸਿੰਘ ਤੇ ਉਨ੍ਹਾਂ ਦੇ ਨਾਲ-ਨਾਲ ਰਵੀ ਚਤੁਰਵੇਦੀ ਤੇ ਸੁਸ਼ੀਲ ਦੋਸ਼ੀ ਦੀ ਵੀ ਖੇਡ ਪ੍ਰੇਮੀਆਂ ’ਚ ਖੂਬ ਚਰਚਾ ਹੁੰਦਾ ਸੀ।
ਜਸਦੇਵ ਸਿੰਘ ਨੂੰ ਆਪਣੀ ਖੇਡ ਕਮੈਂਟਰੀ ਤੇ ਖੇਡਾਂ ਦੇ ਵਿਸਤਾਰ ਵਿੱਚ ਪਾਏ ਯੋਗਦਾਨ ਲਈ 1985 ਵਿੱਚ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਇਸ ਤੋਂ ਇਲਾਵਾ 2008 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ ਐਵਾਰਡ ਮਿਲਿਆ। ਸਿਰਫ ਰਾਸ਼ਟਰੀ ਪੱਧਰ ਹੀ ਨਹੀਂ, ਉਨ੍ਹਾਂ ਨੂੰ ਕਈ ਕੌਮਾਂਤਰੀ ਸਨਮਾਨ ਵੀ ਹਾਸਲ ਹੋਏ। ਸਾਬਕਾ ਅੰਤਰਰਾਸ਼ਟਰੀ ਓਲੰਪਿਕ ਕੌਂਸਲ ਦੇ ਪ੍ਰਧਾਨ, ਜੁਆਨ ਐਂਟੋਨੀਓ ਸਮਾਰਾਂਚ ਨੇ ਉਨ੍ਹਾਂ ਨੂੰ 1988 ਵਿੱਚ ਹੋਏ ਸਿਓਲ ਓਲੰਪਿਕਸ ਦੌਰਾਨ, 'ਓਲੰਪਿਕ ਆਰਡਰ' ਨਾਲ ਸਨਮਾਨਿਆ। ਇਹ ਸਨਮਾਨ ਉਨ੍ਹਾਂ ਨੂੰ ਓਲੰਪਿਕ ਅਭਿਆਨ ਦੇ ਪ੍ਰਚਾਰ ਲਈ ਪਾਏ ਯੋਗਦਾਨ ਵਜੋਂ ਦਿੱਤਾ ਗਿਆ ਸੀ।
ਜਸਦੇਵ ਸਿੰਘ ਨੇ ਜਿਸ ਦੌਰ ਵਿੱਚ ਕਮੈਂਟਰੀ ਵਿੱਚ ਨਿਵੇਕਲੀ ਪਛਾਣ ਬਣਾਈ, ਉਸ ਦੌਰ ਵਿੱਚ ਰਵੀ ਚਤੁਰਵੇਦੀ ਤੇ ਸੁਸ਼ੀਲ ਦੋਸ਼ੀ ਨੂੰ ਕ੍ਰਿਕਟ ਦੀ ਕਮੈਂਟਰੀ ਲਈ ਜਾਣਿਆ ਜਾਂਦਾ ਸੀ ਪਰ ਜਦੋਂ ਕ੍ਰਿਕਟ ਤੋਂ ਹਟਕੇ ਖੇਡ ਕਮੈਂਟਰੀ ਦਾ ਜ਼ਿਕਰ ਹੁੰਦਾ ਸੀ, ਤਾਂ ਜਸਦੇਵ ਸਿੰਘ ਦਾ ਨਾਂ ਸਭ ਤੋਂ ਉੱਪਰ ਆਉਂਦਾ ਸੀ। ਉਨ੍ਹਾਂ ਆਪਣੇ ਕਮੈਂਟਰੀ ਕਰੀਅਰ ਦੌਰਾਨ, 9 ਓਲੰਪਿਕਸ ਕਵਰ ਕੀਤੇ ਸਨ। 1968 ਦੇ ਓਲੰਪਿਕਸ ਤੋਂ ਸ਼ੁਰੂ ਕਰਕੇ 2000 ਦੇ ਮੈਲਬਰਨ ਓਲੰਪਿਕਸ ਤਕ ਉਨ੍ਹਾਂ ਓਲੰਪਿਕਸ ਦਾ ਅੱਖੀਂ ਡਿੱਠਾ ਹਾਲ ਸਰੋਤਿਆਂ ਤਕ ਪਹੁੰਚਾਇਆ। ਇਸ ਤੋਂ ਇਲਾਵਾ ਉਨ੍ਹਾਂ 6 ਹਾਕੀ ਵਿਸ਼ਵ ਕੱਪ ਤੇ 6 ਏਸ਼ਿਆਈ ਖੇਡਾਂ ਵੀ ਕਵਰ ਕੀਤੀਆਂ।
ਭਾਰਤ ਦੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਵੀ ਟਵੀਟ ਜ਼ਰੀਏ ਜਸਦੇਵ ਸਿੰਘ ਦੇ ਅਕਾਲ ਚਲਾਣੇ ’ਤੇ ਬੇਹੱਦ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਵੀ ਜਸਦੇਵ ਸਿੰਘ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਣਾ ਸੋਢੀ ਨੇ ਜਸਦੇਵ ਸਿੰਘ ਨਾਲ ਸਾਲ 1978 ਦੇ ਸਮੇਂ ਦੇ ਦਿਨਾਂ ਨੂੰ ਯਾਦ ਕੀਤਾ, ਜਦ ਉਹ ਖੁਦ ਏਸ਼ੀਅਨ ਖੇਡਾਂ ਵਿੱਚ ਦਾਅਵੇਦਾਰੀ ਪੇਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਸਦੇਵ ਸਿੰਘ ਨੇ ਓਲੰਪਿਕਸ, ਏਸ਼ੀਆਡ ਅਤੇ ਵਿਸ਼ਵ ਕੱਪ ਦੀ ਜ਼ਬਰਦਸਤ ਕਮੈਂਟਰੀ ਨਾਲ ਘਰ-ਘਰ ਵਿਚ ਪ੍ਰਸਿੱਧੀ ਹਾਸਿਲ ਕੀਤੀ।
ਜਸਦੇਵ ਸਿੰਘ ਇੱਕ ਮਾਹਿਰ ਕਮੈਂਟੇਟਰ ਸਨ ਤੇ ਉਨ੍ਹਾਂ ਦੀ ਹਰ ਖੇਡ ’ਤੇ ਮਜ਼ਬੂਤ ਪਕੜ ਸੀ। ਕਿਸੇ ਵੀ ਖੇਡ ਬਾਰੇ ਉਨ੍ਹਾਂ ਦੀ ਕਮੈਂਟਰੀ ਖੇਡ ਦੇ ਹਾਲ ਨੂੰ ਸਮਝਣਾ ਆਸਾਨ ਬਣਾ ਦਿੰਦੀ ਸੀ ਪਰ ਕੁਝ ਦਿੱਗਜਾਂ ਅਨੁਸਾਰ ਹਾਕੀ ਉਨ੍ਹਾਂ ਦੇ ਦਿਲ ਦੇ ਸਭ ਤੋਂ ਨਜ਼ਦੀਕ ਸੀ। ਸਾਬਕਾ ਭਾਰਤੀ ਹਾਕੀ ਕਪਤਾਨ ਜ਼ਫਰ ਇਕਬਾਲ ਨੇ ਦੱਸਿਆ ਕਿ ਉਨ੍ਹਾਂ ਹਾਕੀ ਨੂੰ ਖੇਡ ਪ੍ਰੇਮੀਆਂ ਦੇ ਘਰਾਂ ਤਕ ਪਹੁੰਚਾਇਆ, ਓਹ ਵੀ ਉਸ ਵੇਲੇ ਜਦ ਟੀਵੀ ਨਹੀਂ ਹੁੰਦੇ ਸਨ। ਜਸਦੇਵ ਸਿੰਘ ਹਾਕੀ ਦੀ ਆਵਾਜ਼ ਸਨ। ਓਹ ਹਾਕੀ ਫੀਲਡ ਵਿੱਚ ਗੇਂਦ ਦੀ ਰਫਤਾਰ ਦੀ ਤਰ੍ਹਾਂ ਕਮੈਂਟਰੀ ਕਰਦੇ ਸਨ, ਭਾਰਤ ਦੇ ਹਾਕੀ ਸਟਿਕ ਨਾਲ ਕੀਤੇ ਕਮਾਲ ਦੇ ਨਾਲ ਉਨ੍ਹਾਂ ਦੀ ਆਵਾਜ਼ ਉੱਤੇ-ਥੱਲੇ ਹੁੰਦੀ ਸੀ।