SpiceJet Flight Returned to Chennai : ਚੇਨਈ ਤੋਂ ਦੁਰਗਾਪੁਰ ਲਈ ਰਵਾਨਾ ਸਪਾਈਸਜੈੱਟ ਦੇ ਬੋਇੰਗ 737 ਜਹਾਜ਼ ਨੂੰ ਮੰਗਲਵਾਰ ਨੂੰ ਇੰਜਣ ਫੇਲ ਹੋਣ ਕਾਰਨ ਚੇਨਈ ਪਰਤਣਾ ਪਿਆ ਹੈ। ਇਹ ਘਟਨਾ ਪੰਜ ਮਹੀਨਿਆਂ ਦੇ ਅੰਦਰ ਅਜਿਹੀ ਦੂਜੀ ਘਟਨਾ ਹੈ, ਜਿਸ ਵਿਚ ਸਪਾਈਸ ਜੈੱਟ ਦੇ ਮੈਕਸ ਜਹਾਜ਼ ਨੂੰ ਅਸਮਾਨ ਦੇ ਵਿਚਕਾਰ ਖਰਾਬ ਹੋਣ ਕਾਰਨ ਵਾਪਸ ਪਰਤਣਾ ਪਿਆ ਹੈ।

 

ਹਵਾਬਾਜ਼ੀ ਖੇਤਰ ਦੀ ਰੈਗੂਲੇਟਰੀ ਬਾਡੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਅਸਮਾਨ ਵਿੱਚ ਹੀ ਜਹਾਜ਼ ਦੇ ਇੰਜਣ ਵਿੱਚ ਖਰਾਬੀ ਆ ਗਈ। ਇਕ ਹੋਰ ਸਪਾਈਸਜੈੱਟ 737 ਜਹਾਜ਼, ਜੋ ਪਿਛਲੇ ਸਾਲ 9 ਦਸੰਬਰ ਨੂੰ ਮੁੰਬਈ ਤੋਂ ਕੋਲਕਾਤਾ ਜਾ ਰਿਹਾ ਸੀ, ਨੂੰ ਤਕਨੀਕੀ ਖਰਾਬੀ ਕਾਰਨ ਵਾਪਸ ਮੁੰਬਈ ਪਰਤਣਾ ਪਿਆ।


ਇਸ ਤੋਂ ਪਹਿਲਾਂ 13 ਮਾਰਚ 2019 ਨੂੰ DGCA  ਨੇ ਸਾਰੇ MAX ਜਹਾਜ਼ਾਂ ਨੂੰ ਜ਼ਮੀਨ 'ਤੇ ਖੜ੍ਹਾ ਕਰ ਦਿੱਤਾ ਗਿਆ ਸੀ। ਡੀਜੀਸੀਏ ਨੇ ਇਹ ਕਦਮ ਅਦੀਸ ਅਬਾਬ ਨੇੜੇ ਇਥੋਪੀਅਨ ਏਅਰਲਾਈਨਜ਼ ਦੇ 737 ਮੈਕਸ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਚੁੱਕਿਆ ਸੀ। ਇਸ ਹਾਦਸੇ ਵਿੱਚ 157 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ ਚਾਰ ਭਾਰਤੀ ਸਨ। ਪਿਛਲੇ ਸਾਲ 26 ਅਗਸਤ ਨੂੰ ਡੀਜੀਸੀਏ ਨੇ ਬੋਇੰਗ ਦੁਆਰਾ ਜ਼ਰੂਰੀ ਸਾਫਟਵੇਅਰ ਸੁਧਾਰ ਕਰਨ ਤੋਂ ਬਾਅਦ ਮੈਕਸ ਜਹਾਜ਼ਾਂ ਦੀਆਂ ਵਪਾਰਕ ਉਡਾਣਾਂ 'ਤੇ ਪਾਬੰਦੀ ਹਟਾ ਦਿੱਤੀ ਸੀ।

 

ਇਹ ਹੋਈ ਸੀ ਸਮੱਸਿਆ 


ਸਪਾਈਸਜੈੱਟ ਪਿਛਲੇ ਸਾਲ ਨਵੰਬਰ ਤੋਂ ਵਪਾਰਕ ਉਡਾਣਾਂ ਲਈ ਮੈਕਸ ਜਹਾਜ਼ ਦੀ ਵਰਤੋਂ ਕਰ ਰਹੀ ਹੈ। ਮੰਗਲਵਾਰ ਦੀ ਘਟਨਾ ਦਾ ਵੇਰਵਾ ਦਿੰਦੇ ਹੋਏ ਡੀਜੀਸੀਏ ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਦੇ ਵਾਪਸ ਆਉਣ ਦਾ ਕਾਰਨ ਦੂਜੇ ਨੰਬਰ ਦੇ ਇੰਜਣ ਆਇਲ ਫਿਲਟਰ ਲਾਈਟ ਦਾ ਫਲੈਸ਼ ਹੋਣਾ ਸੀ।

ਇੰਝ ਚੇਨਈ ਲਿਆਂਦੀ ਗਈ ਉਡਾਣ 


ਇਸ ਲਾਈਟ ਬਲਣ ਕਾਰਨ ਪਾਇਲਟ ਨੇ ਦੂਜਾ ਇੰਜਣ ਬੰਦ ਕਰ ਦਿੱਤਾ ਅਤੇ ਜਹਾਜ਼ (ਫਲਾਈਟ ਐਸਜੀ 331) ਨੂੰ ਚੇਨਈ ਵਾਪਸ ਲੈ ਆਇਆ। ਇਸ ਮਾਮਲੇ 'ਚ ਅਮਰੀਕਾ ਦੀ ਕੰਪਨੀ ਬੋਇੰਗ ਨੂੰ ਬਿਆਨ ਦੇਣ ਲਈ ਕਿਹਾ ਗਿਆ ਤਾਂ ਕੰਪਨੀ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।