ਚੰਡੀਗੜ੍ਹ: ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਪਿਛਲੇ 40 ਘੰਟਿਆਂ ਵਿੱਚ ਅੱਤਵਾਦੀਆਂ ਨੇ ਕਰੀਬ 10 ਸਥਾਨਕ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਅਗਵਾ ਕਰ ਲਏ ਹਨ। ਅੱਤਵਾਦੀ ਸੰਗਠਨ ਹਿਜਬੁਲ ਮੁਜ਼ਾਹਿਦੀਨ ਨੇ ‘ਘਰ ਵਾਲਿਆਂ ਦੇ ਬਦਲੇ ਘਰ ਵਾਲੇ’ ਕਹਿ ਕੇ ਧਮਕੀ ਦਿੱਤੀ ਹੈ। ਦਰਅਸਲ ਕੱਲ੍ਹ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਸ੍ਰੀਨਗਰ ਤੋਂ ਹਿਜਬੁਲ ਮੁਜਾਹਿਦੀਨ ਦੇ ਸੁਪਰੀਮ ਕਮਾਂਡਰ ਸਈਅਦ ਸਲਾਹੁਦੀਨ ਦੇ ਮੁੰਡੇ ਸਈਅਦ ਅਹਿਮਦ ਨੂੰ ਗ੍ਰਿਫਤਾਰ ਕੀਤਾ ਸੀ।

ਹਿਜਬੁਲ ਅੱਤਵਾਦੀ ਰਿਆਜ ਨਾਇਕੂ ਨੇ ਜੰਮੂ ਕਸ਼ਮੀਰ ਤੋਂ ਅਗਵਾ ਕੀਤੇ ਲੋਕਾਂ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਇਹ ਸਭ ਕਰਨ ਲਈ ਮਜਬੂਰ ਕੀਤਾ ਹੈ। ਹੁਣ ਕੰਨ ਦੇ ਬਦਲੇ ਕੰਨ, ਮਕਾਨ ਦੇ ਬਦਲੇ ਮਕਾਨ ਤੇ ਘਰ ਵਾਲਿਆਂ ਦੇ ਬਦਲੇ ਘਰ ਵਾਲੇ। ਹੁਣ ਕਿਸੇ ਲਈ ਮੁਆਫੀ ਨਹੀਂ। ਜਿਸ ਨੂੰ ਆਪਣਾ ਜਾਨ ਪਿਆਰੀ ਹੈ, ਉਹ ਨੌਕਰੀ ਛੱਡ ਦੇਵੇ ਨਹੀਂ ਤਾਂ ਮੌਤ ਲਈ ਤਿਆਰ ਰਹੇ। ਅਗਵਾ ਕੀਤੇ ਲੋਕਾਂ ਵਿੱਚ ਡੀਐਸਪੀ ਦਾ ਭਤੀਜਾ ਵੀ ਸ਼ਾਮਲ ਹੈ।

ਦੱਸਿਆ ਜਾਂਦਾ ਹੈ ਕਿ ਰਿਆਜ ਉਰਫ ਮੁਹੰਮਦ ਬਿਨ ਕਾਸਿਮ ਦੀ ਸੁਰੱਖਿਆ ਬਲ ਲੰਮੇ ਸਮੇਂ ਤੋਂ ਤਲਾਸ਼ ਕਰ ਰਹੇ ਹਨ। ਉਸਨੂੰ A++ ਕੈਟੇਗਰੀ ਵਿੱਚ ਰੱਖਿਆ ਗਿਆ ਹੈ। ਉਹ ਘਾਟੀ ਵਿੱਚ 2010 ਤੋਂ ਸਰਗਰਮ ਹੈ।