ਵਾਰਾਣਸੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਾਰਾਣਸੀ ਦੌਰੇ ਦੌਰਾਨ ਬਨਾਰਸ ਹਿੰਦੂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਕੈਂਪਸ ਦੀਆਂ ਵਿਦਿਆਰਥਣਾਂ ਆਪਣੇ ਨਾਲ ਹੋ ਰਹੀ ਛੇੜਖਾਨੀ ਦੇ ਵਿਰੋਧ ਵਿੱਚ ਧਰਨਾ ਦਿੱਤਾ। ਰੋਜ਼ ਵਧ ਰਹੀ ਛੇੜਖਾਨੀ ਦਾ ਵਿਰੋਧ ਕਰਨ ਲਈ ਬੈਚੂਲਰ ਆਫ਼ ਫਾਈਨ ਆਰਟਸ ਦੀ ਵਿਦਿਆਰਥਣ ਅਕਾਂਕਸ਼ਾ ਨੇ ਆਪਣਾ ਸਿਰ ਮੁੰਨ ਲਿਆ। ਉਸ ਦੇ ਸਮਥਨ ਵਿੱਚ ਯੂਨੀਵਰਸਿਟੀ ਦੀਆਂ ਕਾਫੀ ਕੁੜੀਆਂ ਨਿੱਤਰ ਆਈਆਂ।
ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਕੈਂਪਸ ਦੇ ਬਾਹਰ ਵਾਲੇ ਮੁੰਡਿਆਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਛੇੜਖਾਨੀ ਕਰਨ ਵਾਲਿਆਂ ਦੀ ਹਿੰਮਤ ਇੰਨੀ ਵਧ ਗਈ ਹੈ ਕਿ ਉਹ ਕੁੜੀਆਂ ਦੇ ਹੋਸਟਲ ਵਿੱਚ ਰੋੜੇ ਵੀ ਮਾਰਦੇ ਹਨ। ਇਹ ਨਹੀਂ ਕਿ ਇਨ੍ਹਾਂ ਕੁੜੀਆਂ ਨੇ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ, ਉਨ੍ਹਾਂ ਦੱਸਿਆ ਕਿ ਡੀਨ ਤੋਂ ਲੈ ਕੇ ਪ੍ਰੋਫੈਸਰ ਤਕ ਸਾਰਿਆਂ ਨੂੰ ਸ਼ਿਕਾਇਤ ਕੀਤੀ ਪਰ ਕਿਸੇ ਨੇ ਬਹੁਤਾ ਧਿਆਨ ਨਹੀਂ ਦਿੱਤਾ।
ਇੱਕ ਪ੍ਰੋਫੈਸਰ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਜਦੋਂ ਵੀ ਪ੍ਰਧਾਨ ਮੰਤਰੀ ਵਾਰਾਣਸੀ ਆਉਂਦੇ ਹਨ ਤਾਂ ਕੁਝ ਨਾ ਕੁਝ ਜ਼ਰੂਰ ਹੁੰਦਾ ਹੈ।
ਦੱਸ ਦੇਈਏ ਕਿ ਬੀ.ਐਚ.ਯੂ. ਕੈਂਪਸ 1340 ਏਕੜ ਵਿੱਚ ਫੈਲਿਆ ਹੋਇਆ ਹੈ, ਜਿੱਥੇ 32 ਹਜ਼ਾਰ ਵਿਦਿਆਰਥੀ ਪੜ੍ਹਦੇ ਹਨ। ਇਨ੍ਹਾਂ 'ਚੋਂ 18 ਹਜ਼ਾਰ ਵਿਦਿਆਰਥੀ ਹੋਸਟਲ ਰਹਿੰਦੇ ਹਨ ਜਿਨ੍ਹਾਂ 'ਚੋਂ 8 ਹਜ਼ਾਰ ਕੁੜੀਆਂ ਹਨ। ਇੰਨੀਆਂ ਕੁੜੀਆਂ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ. ਤੇ ਸੁਰੱਖਿਆ ਗਾਰਡਾਂ ਦੀ ਕਮੀ ਹੈ, ਜੋ ਪ੍ਰਦਰਸ਼ਨ ਕਰਦੀਆਂ ਵਿਦਿਆਰਥਣਾਂ ਦੀ ਮੁੱਖ ਮੰਗ ਹੈ।
ਯੂਨੀਵਰਸਿਟੀ ਦੇ ਪੀ.ਆਰ.ਓ. ਰਾਜੇਸ਼ ਸਿੰਘ ਨੇ ਦੱਸਿਆ ਕਿ ਵਿਦਿਆਰਥਣਾਂ ਦੀ ਸੁਰੱਖਿਆ ਇੱਕ ਗੰਭੀਰ ਮੁੱਦਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਹੈ।