ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਬਰਤਾਨਵੀ ਨਾਗਰਿਕ ਹੋਣ ਦੀ ਸ਼ਿਕਾਇਤ ਮਿਲਣ ਮਗਰੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਬਾਰੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸੁਬਰਾਮਣੀਅਨ ਸਵਾਮੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤ ਕੀਤੀ ਹੈ।


ਗ੍ਰਹਿ ਮੰਤਰਾਲੇ ਨੇ ਰਾਹੁਲ ਗਾਂਧੀ ਦੇ ਨਾਂ 'ਤੇ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਲਈ ਕਿਹਾ ਹੈ। ਸੁਬਰਾਮਣੀਅਨ ਸਵਾਮੀ ਨੇ ਰਾਹੁਲ ਗਾਂਧੀ 'ਤੇ ਤਿੰਨ ਗੰਭੀਰ ਇਲਜ਼ਾਮ ਲਾਏ ਹਨ।

ਉਨ੍ਹਾਂ ਕਿਹਾ ਹੈ ਕਿ ਸਾਲ 2003 ਵਿੱਚ ਰਾਹੁਲ ਗਾਂਧੀ ਯੂਕੇ ਵਿੱਚ ਸਥਿਤ ਬੈਕੋਪਸ ਲਿਮਟਿਡ ਕੰਪਨੀ ਦੇ ਨਿਰਦੇਸ਼ਕ ਤੇ ਸਕੱਤਰ ਸਨ। ਦੂਜੇ ਇਲਜ਼ਾਮ ਲਾਉਂਦਿਆ ਸਵਾਮੀ ਦੀ ਸ਼ਿਕਾਇਤ ਵਿੱਚ ਲਿਖਿਆ ਗਿਆ ਹੈ ਕਿ ਸਾਲ 2005 ਤੋਂ 2006 ਦਰਮਿਆਨ ਰਾਹੁਲ ਗਾਂਧੀ ਨੇ ਆਪਣੀ ਜਨਮ ਮਿਤੀ 19-06-1970 ਦੱਸੀ ਹੈ। ਉਨ੍ਹਾਂ ਰਾਹੁਲ ਗਾਂਧੀ 'ਤੇ ਤੀਜਾ ਇਲਜ਼ਾਮ ਲਾਇਆ ਹੈ ਕਿ ਰਾਹੁਲ ਨੇ ਬਰਤਾਨਵੀ ਕੰਪਨੀ ਦੇ ਦਸਤਾਵੇਜ਼ਾਂ ਵਿੱਚ ਖ਼ੁਦ ਨੂੰ ਬ੍ਰਿਟਿਸ਼ ਨਾਗਰਿਕ ਦੱਸਿਆ ਹੈ।

ਉੱਧਰ, ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੇ ਅਮੇਠੀ ਤੋਂ ਲੋਕ ਸਭਾ ਚੋਣ ਲੜ ਰਹੇ ਹਨ ਤੇ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਦਸਤਾਵੇਜ਼ ਸਹੀ ਠਹਿਰਾਏ ਹਨ। ਕਾਂਗਰਸ ਨੇ ਵੀ ਭਾਜਪਾ 'ਤੇ ਇਲਜ਼ਾਮ ਲਾਏ ਹਨ ਕਿ ਚੋਣਾਂ ਦੇ ਮਾਹੌਲ ਵਿੱਚ ਭਾਜਪਾ ਗ਼ਲਤਬਿਆਨੀ ਕਰਕੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ।