ਨਵੀਂ ਦਿੱਲੀ: ਆਪਣੇ ਮਤਰੇਈ ਮਾਂ ਹੇਮਾ ਮਾਲਿਨੀ ਵਾਂਗ ਸੰਨੀ ਦਿਓਲ ਜਲਦ ਹੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਇੰਨ੍ਹੀ ਦਿਨੀਂ ਸੰਨੀ ਦਿਓਲ ਦੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਤਸਵੀਰ ਵੀ ਵਾਇਰਲ ਹੋ ਰਹੀ ਹੈ। ਸੂਤਰਾਂ ਮੁਤਾਬਕ ਅਮਿਤ ਸ਼ਾਹ ਨੇ ਸੰਨੀ ਦਿਓਲ ਨੂੰ ਪੰਜਾਬ ਦੀ ਕਿਸੇ ਵੀ ਲੋਕ ਸਭਾ ਸੀਟ ਤੋਂ ਲੜਾਉਣਾ ਚਾਹੁੰਦੇ ਹਨ। ਇਸ ਲਈ ਉਹ ਉਨ੍ਹਾਂ ਨੂੰ ਕਿਸੇ ਵੀ ਢੰਗ ਨਾਲ ਰਾਜ਼ੀ ਕਰਨਾ ਚਾਹੁੰਦੇ ਹਨ।

ਤਾਜ਼ਾ ਵਾਇਰਲ ਹੋਈ ਤਸਵੀਰ ਵਿੱਚ ਅਮਿਤ ਸ਼ਾਹ ਨੇ ਸੰਨੀ ਦਿਓਲ ਨਾਲ ਹਵਾਈ ਅੱਡੇ 'ਤੇ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿੱਚ ਕੀ ਗੱਲਾਂ ਹੋਈਆਂ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਪਰ ਪਰਿਵਾਰ ਨਾਲ ਭਾਜਪਾ ਦੇ ਨੇੜਲੇ ਸਬੰਧ ਹੋਣ ਕਾਰਨ ਇਸ ਤਸਵੀਰ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ।



ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਧਰਮਿੰਦਰ ਨੇ ਬੀਜੇਪੀ ਦੀ ਟਿਕਟ ਤੋਂ ਬੀਕਾਨੇਰ ਤੋਂ ਚੋਣ ਲੜੀ ਤੇ ਜਿੱਤੀ ਸੀ। ਛੇਤੀ ਹੀ ਉਨ੍ਹਾਂ ਦਾ ਸਿਆਸਤ ਤੋਂ ਮੋਹ ਭੰਗ ਹੋ ਗਿਆ ਤੇ ਉਹ ਮੁੜ ਆਪਣੇ ਫਾਰਮ ਹਾਊਸ ਤੇ ਫ਼ਿਲਮਾਂ ਵੱਲ ਪਰਤ ਆਏ। ਉੱਧਰ, ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਵੀ ਭਾਜਪਾ ਦੀ ਸੰਸਦ ਮੈਂਬਰ ਹੈ ਤੇ ਇਸ ਵਾਰ ਵੀ ਉਹ ਆਪਣੇ ਮੌਜੂਦਾ ਸੰਸਦੀ ਖੇਤਰ ਮਥੁਰਾ ਤੋਂ ਉਮੀਦਵਾਰ ਹੈ। ਧਰਮਿੰਦਰ ਨੇ ਹਾਲ ਹੀ ਵਿੱਚ ਉਨ੍ਹਾਂ ਲਈ ਚੋਣ ਪ੍ਰਚਾਰ ਵੀ ਕੀਤਾ ਹੈ।

ਅਜਿਹੇ ਵਿੱਚ ਜੇਕਰ ਸੰਨੀ ਦਿਓਲ ਭਾਜਪਾ ਨਾਲ ਆਉਂਦੇ ਹਨ ਤਾਂ ਕੋਈ ਹੈਰਾਨੀ ਵਾਲੀ ਗੱਲ ਤਾਂ ਨਹੀਂ ਹੋਵੇਗੀ। ਹਾਲਾਂਕਿ, ਸੰਨੀ ਦਿਓਲ ਪਹਿਲਾਂ ਵੀ ਭਾਜਪਾ ਤੇ ਉਸ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਲਈ ਚੋਣ ਪ੍ਰਚਾਰ ਵੀ ਕਰ ਚੁੱਕੇ ਹਨ। ਹੁਣ ਭਾਜਪਾ ਉਨ੍ਹਾਂ ਨੂੰ ਪੱਕੇ ਤੌਰ 'ਤੇ ਆਪਣੇ ਨਾਲ ਜੋੜਨਾ ਚਾਹੁੰਦੀ ਹੈ। ਇਨ੍ਹਾਂ ਲੋਕ ਸਬਾ ਚੋਣਾਂ ਵਿੱਚ ਭਾਜਪਾ ਦੀ ਰਣਨੀਤੀ ਵੀ ਅਜਿਹੇ ਉਮੀਦਵਾਰਾਂ ਨੂੰ ਉਤਾਰਨ ਦੀ ਹੈ ਜੋ ਦਿੱਗਜ ਹੋਣ ਤੇ ਜਿੱਤ ਯਕੀਨੀ ਹਾਸਲ ਕਰਨ। ਹੁਣ ਇਹ ਦੇਖਣਾ ਹੋਵੇਗਾ ਕਿ ਸੰਨੀ ਦਿਓਲ ਕੀ ਫੈਸਲਾ ਲੈਂਦੇ ਹਨ।