ਸਿੱਖਿਆ ਬੋਰਡ ਦੇ ਸਕੱਤਰ ਰਾਜੀਵ ਪ੍ਰਸਾਦ ਨੇ ਦੱਸਿਆ ਕਿ ਪੁਰਾਣੇ ਸਮੇਂ ਵਿੱਚ ਬੱਚਿਆਂ ਨੂੰ ਕੰਨ ਫੜਵਾਉਣਾ, ਬੈਠਕਾਂ ਲਵਾਉਣਾ, ਹੱਥ ਖੜ੍ਹੇ ਕਰਨਾ ਜਾਂ ਮੁਰਗਾ ਬਣਾ ਕੇ ਸਜ਼ਾ ਦਿੱਤੀ ਜਾਂਦੀ ਸੀ। ਇਸ ਸਜ਼ਾ ਦਾ ਮਤਲਬ ਬੱਚਿਆਂ ਨੂੰ ਪ੍ਰੇਸ਼ਾਨ ਕਰਨਾ ਨਹੀਂ, ਬਲਕਿ ਇਸ ਦੇ ਪਿੱਛੇ ਵਿਗਿਆਨਕ ਕਾਰਨ ਸੀ। ਬੱਚਿਆਂ ਵੱਲੋਂ ਆਪਣੇ ਕੰਨ ਫੜਨ, ਹੱਥ ਖੜ੍ਹੇ ਕਰਨ, ਬੈਠਕਾਂ ਲਾਉਣ ਜਾਂ ਮੁਰਗੇ ਬਣਨ ਨਾਲ ਖ਼ੂਨ ਦਾ ਸੰਚਾਰ ਵਧਦਾ ਹੈ ਤੇ ਬੱਚਿਆਂ ਵਿੱਚ ਇਕਾਗਰਤਾ ਆਉਂਦੀ ਹੈ। ਇਸ ਨਾਲ ਬੱਚਿਆਂ 'ਚ ਪੜ੍ਹਾਈ ਪ੍ਰਤੀ ਰੁਚੀ ਵਧਦੀ ਹੈ ਤੇ ਯਾਦ ਰੱਖਣ ਦੀ ਸਮਰਥਾ ਵੀ ਵਧਦੀ ਹੈ।
ਸਕੱਤਰ ਨੇ ਦੱਸਿਆ ਕਿ ਇਸ ਬਾਰੇ ਲੈਬ ਸਕੂਲ ਵਿੱਚ ਪ੍ਰਯੋਗ ਵਜੋਂ ਸੁਪਰ ਬ੍ਰੇਨ ਯੋਗਾ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਬੱਚਿਆਂ ਵਿੱਚ ਪੜ੍ਹਨ, ਸਿੱਖਣ ਤੇ ਹੋਰ ਕਿਰਿਆਵਾਂ ਦੀ ਸਮਰਥਾ ਵਧੇ। ਉਨ੍ਹਾਂ ਦੱਸਿਆ ਕਿ ਸਜ਼ਾ ਵਜੋਂ ਦਿੱਸਣ ਵਾਲਾ ਇਹ ਯੋਗਾ ਹਰ ਰੋਜ਼ ਇੱਕ ਤੋਂ ਤਿੰਨ ਮਿੰਟ ਲਈ ਕਰਾਇਆ ਜਾਏਗਾ ਤੇ ਇਸ ਦੇ ਨਤੀਜੇ ਸਕਾਰਾਤਮਕ ਆਉਣਗੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਹ ਪਹਿਲ ਸੂਬੇ ਭਰ ਵਿੱਚ ਲਾਗੂ ਕੀਤੀ ਜਾਏਗੀ।