ਨਵੀਂ ਦਿੱਲੀ: ਭਾਰੀ ਪ੍ਰਦੂਸ਼ਣ ਦੇ ਚੱਲਦਿਆਂ ਸੁਪਰੀਮ ਕੋਰਟ ਨੇ ਦਿੱਲੀ-ਐਨ.ਸੀ.ਆਰ. 'ਚ ਪਟਾਕਿਆਂ ਦੀ ਖਰੀਦੋ-ਫਰੋਖਤ 'ਤੇ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਕੋਰਟ ਦੇ ਅਗਲੇ ਆਦੇਸ਼ ਤੱਕ ਲਾਗੂ ਰਹੇਗੀ। ਇਸ ਦੇ ਨਾਲ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ 3 ਮਹੀਨਿਆਂ 'ਚ ਹਾਨੀਕਾਰਕ ਪਟਾਕਿਆਂ 'ਤੇ ਰਿਪੋਰਟ ਸੌਂਪਣ ਨੂੰ ਆਖਿਆ ਗਿਆ ਹੈ।


ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿੱਚ ਆਖਿਆ ਹੈ ਕਿ ਪੂਰੇ ਐਨ.ਸੀ.ਆਰ. 'ਚ ਤੁਰੰਤ ਪ੍ਰਭਾਵ ਤੋਂ ਪਟਾਕਿਆਂ ਦੀਆਂ ਦੁਕਾਨਾਂ ਦੇ ਲਾਇਸੈਂਸ ਰੱਦ ਕਰਨ ਦਾ ਆਦੇਸ਼ ਸੁਣਾ ਦਿੱਤੇ ਹਨ। ਹਵਾ ਪ੍ਰਦੂਸ਼ਣ 'ਤੇ ਰੋਕ ਲਈ ਸੁਪਰੀਮ ਕੋਰਟ ਨੇ ਅਗਲੇ ਆਦੇਸ਼ਾਂ ਤੱਕ ਪਟਾਕਿਆਂ ਦੀ ਵਿਕਰੀ ਨਾਲ ਜੁੜੇ ਲਾਇਸੰਸ ਦੇ ਨਵੀਨੀਕਰਨ (Renew) 'ਤੇ ਵੀ ਰੋਕ ਲਾ ਦਿੱਤੀ ਹੈ।

ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਲੀ ਤੇ ਆਸਪਾਸ ਦੇ ਇਲਾਕਿਆਂ 'ਚੋਂ ਪਟਾਕਿਆਂ 'ਤੇ ਰੋਕ ਲਾਉਣ ਦੀ ਮੰਗ ਨਾਲ ਜੁੜੀਆਂ ਅਪੀਲਾਂ ਤੋਂ ਬਾਅਦ ਦਿੱਤੇ ਹਨ। ਦਿੱਲੀ 'ਚ ਲੰਬੇ ਸਮੇਂ ਤੋਂ ਪਟਾਕਿਆਂ 'ਤੇ ਰੋਕ ਲਾਉਣ ਦੀ ਮੰਗ ਉੱਠਦੀ ਆ ਰਹੀ ਹੈ। ਇਸ ਸਾਲ ਦੀਵਾਲ਼ੀ ਤੋਂ ਬਾਅਦ ਦਿੱਲੀ 'ਚ ਚਿੱਟੇ ਧੂੰਏਂ ਨਾਲ ਫੈਲਿਆ ਪ੍ਰਦੂਸ਼ਣ ਖ਼ਤਰੇ ਦਾ ਨਿਸ਼ਾਨ ਟੱਪ ਗਿਆ ਸੀ ਜਿਸ ਦੀ ਵਿਸ਼ਵ ਪੱਧਰ 'ਤੇ ਚਰਚਾ ਹੋਈ ਸੀ।