ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਉਂਦਿਆਂ ਸਰਕਾਰ ਨੂੰ ਕਿਹਾ ਹੈ ਕਿ ਉਹ SC/ST ਕਰਮਚਾਰੀਆਂ ਨੂੰ ਤਰੱਕੀ ਵਿੱਚ ਰਾਖਵੇਂਕਰਨ ਦਾ ਲਾਭ ਦੇ ਸਕਦੀ ਹੈ। ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਇਸ ਮਾਮਲੇ ਵਿੱਚ ਜਦ ਤਕ ਸੰਵਿਧਾਨਕ ਬੈਂਚ ਆਖ਼ਰੀ ਫੈਸਲਾ ਨਹੀਂ ਲੈਂਦਾ, ਸਰਕਾਰ ਪ੍ਰਮੋਸ਼ਨਜ਼ ਦੇ ਸਕਦੀ ਹੈ।
ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਕਰਮਚਾਰੀਆਂ ਨੂੰ ਤਰੱਕੀ ਦੇਣਾ ਉਸ ਦੀ ਜ਼ਿੰਮੇਵਾਰੀ ਹੈ। ਇਸ ਤੋਂ ਪਹਿਲਾਂ ਵੱਖ-ਵੱਖ ਹਾਈ ਕੋਰਟ ਦੇ ਫੈਸਲਿਆਂ ਦੇ ਚੱਲਦਿਆਂ ਤਰੱਕੀ ਰੁਕੀ ਹੋਈ ਸੀ।
ਧਿਆਨ ਰਹੇ ਕਿ ਪ੍ਰਮੋਸ਼ਨ ਵਿੱਚ ਰਾਖਵੇਂਕਰਨ ਦਾ ਮਾਮਲਾ ਕਾਫੀ ਵਿਵਾਦਤ ਰਿਹਾ ਹੈ। ਦਲਿਤਾਂ ਦੇ ਹਮਾਇਤੀ ਇਸ ਮਸਲੇ 'ਤੇ ਸਰਕਾਰ 'ਤੇ ਲਗਾਤਾਰ ਸਵਾਲ ਚੁੱਕ ਰਹੇ ਹਨ। ਪਿਛਲੇ ਦਿਨੀਂ ਐਸਸੀ/ਐਸਟੀ ਐਕਟ 'ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਤਾਂ ਤਰੱਕੀ ਵਿੱਚ ਰਾਖਵੇਂਕਰਨ ਦੀ ਮੰਗ ਨਵੇਂ ਸਿਰੇ ਤੋਂ ਉੱਠਣੀ ਸ਼ੁਰੂ ਹੋ ਗਈ ਤੇ ਹੁਣ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਤਰੱਕੀਆਂ ਦੇਣ ਲਈ ਆਗਿਆ ਮਿਲ ਗਈ ਹੈ।