ਅਹਿਮਦਾਬਾਦ: ਸੂਰਤ ਮਿਊਂਸਪਲ ਕਮੇਟੀ ਨੇ ਆਵਾਰਾ ਪਸ਼ੂਆਂ, ਖ਼ਾਸ ਕਰਕੇ ਗਾਵਾਂ ਦੇ ਸੜਕਾਂ ’ਤੇ ਘੁੰਮਣ ਕਰਕੇ ਹੋਣ ਵਾਲੀਆਂ ਪਰੇਸ਼ਾਨੀਆਂ ਨਾਲ ਨਜਿੱਠਣ ਦਾ ਤਰੀਕਾ ਲੱਭ ਲਿਆ ਹੈ। ਇਨ੍ਹਾਂ ਪਸ਼ੂਆਂ ਦੇ ਕੰਨਾਂ ਵਿੱਚ ਇੱਕ ਟੈਗ ਲਾਇਆ ਜਾਏਗਾ ਜਿਸਨੂੰ ਪਸ਼ੂ ਮਾਲਕਾਂ ਦੇ ਆਧਾਰ ਕਾਰਡ ਨਾਲ ਲਿੰਕ ਕੀਤਾ ਜਾਏਗਾ।

ਸੂਰਤ ਮਹਾਨਗਰ ਪਾਲਿਕਾ ਦੇ ਬਾਜ਼ਾਰ ਸੁਪਰਡੈਂਟ ਡਾ. ਪ੍ਰਫੁਲ ਮਹਿਤਾ ਨੇ ਦੱਸਿਆ ਕਿ ਪਸ਼ੂ ਦੇ ਕੰਨ ਵਿੱਚ ਲਾਏ ਜਾਣ ਵਾਲੇ ਹਰੇਕ ਟੈਗ ਵਿੱਚ ਇੱਕ ਪਸ਼ੂ ਰਜਿਸਟਰੇਸ਼ਨ ਨੰਬਰ (ਸੀਆਰਐਨ) ਹੋਏਗੀ ਤੇ ਇਹ ਨੰਬਰ ਉਸਦੇ ਮਾਲਕ ਦੇ ਆਧਾਰ ਕਾਰਡ ਨਾਲ ਲਿੰਕ ਹੋਏਗਾ। ਆਧਾਰ ਡੇਟਾਬੇਸ ਵਿੱਚ ਪਸ਼ੂ ਮਾਲਕਾਂ ਦੇ ਫੋਨ ਨੰਬਰ ਤੇ ਪਤਾ ਲਿਖਿਆ ਹੋਏਗਾ, ਇਸ ਨਾਲ ਉਨ੍ਹਾਂ ਦੀ ਪਛਾਣ ਕਰਨੀ ਸੌਖੀ ਹੋ ਜਾਏਗੀ।

ਇਸ ਤਰੀਕੇ ਨਾਲ ਅਜਿਹੇ ਲੋਕਾਂ ਦੀ ਪਛਾਣ ਕਰਨ ਵਿੱਚ ਆਸਾਨੀ ਹੋਏਗੀ ਜੋ ਪਸ਼ੂਆਂ ਨੂੰ ਸੜਕਾਂ ’ਤੇ ਆਵਾਰਾ ਛੱਡ ਦਿੰਦੇ ਹਨ। ਇਨ੍ਹਾਂ ਆਵਾਰਾ ਪਸ਼ੂਆਂ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਕਈ ਵਾਰ ਤਾਂ ਦੁਰਘਟਨਾਵਾਂ ਵੀ ਵਾਪਰ ਜਾਂਦੀਆਂ ਹਨ।

ਪ੍ਰਫੁਲ ਮਹਿਤਾ ਨੇ ਦੱਸਿਆ ਕਿ ਹੁਮਣ ਤਕ ਸ਼ਹਿਰ ਦੇ ਕਰੀਬ 25 ਹਜ਼ਾਰ ਆਵਾਰਾ ਪਸ਼ੂਆਂ ਦੇ ਕੰਨਾਂ ਵਿੱਚ ਟੈਗ ਲਾਇਆ ਗਿਆ ਹੈ ਤੇ ਉਨ੍ਹਾਂ ਨੂੰ 1,500 ਮਾਲਕਾਂ ਦੇ ਆਧਾਰ ਕਾਰਡ ਨਾਲ ਜੋੜਿਆ ਜਾ ਚੁੱਕਾ ਹੈ। ਸ਼ਹਿਰ ਦਾ ਘੇਰਾ ਵਧਣ ਦੇ ਨਾਲ-ਨਾਲ ਪਸ਼ੂਆਂ ਦੀ ਸਮੱਸਿਆ ਵੀ ਵਧੀ ਹੈ। ਉਨ੍ਹਾਂ ਕਿਹਾ ਕਿ ਅਜੇ 25 ਹਜ਼ਾਰ ਹੋਰ ਪਸ਼ੂਆਂ ਦੇ ਟੈਗ ਲੱਗਣੇ ਬਾਕੀ ਹਨ।