ਨਵੀਂ ਦਿੱਲੀ: ਬੀਜੇਪੀ ਦੇ ਸੱਤਾ 'ਚ ਚਾਰ ਸਾਲ ਪੂਰੇ ਹੋਣ 'ਤੇ ਮੋਦੀ ਸਰਕਾਰ ਦੇ 10 ਦਿਗਜ਼ ਮੰਤਰੀ ਵੱਖ-ਵੱਖ ਸ਼ਹਿਰਾਂ 'ਚ ਪ੍ਰੈੱਸ ਕਾਨਫਰੰਸ ਰਾਹੀਂ ਆਪਣੇ ਸੋਹਲੇ ਗਾ ਰਹੇ ਹਨ। ਇਸੇ ਕੜੀ 'ਚ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦਿੱਲੀ 'ਚ ਪ੍ਰੈੱਸ ਕਾਨਫਰੰਸ ਦੌਰਾਨ ਪਿਛਲੇ ਚਾਰ ਸਾਲਾਂ 'ਚ ਵਿਦੇਸ਼ ਮੰਤਰਾਲੇ ਦੀਆਂ ਉਪਲੱਬਧੀਆਂ 'ਤੇ ਕਿਤਾਬ ਵੀ ਜਾਰੀ ਕੀਤੀ।
ਇਸ ਦੌਰਾਨ ਸੁਸ਼ਮਾ ਨੇ ਕਿਹਾ ਕਿ ਪਿਛਲੇ 4 ਸਾਲਾਂ ਦੌਰਾਨ 90,000 ਤੋਂ ਵਧੇਰੇ ਲੋਕਾਂ ਨੂੰ ਵਿਦੇਸ਼ਾਂ 'ਚੋਂ ਸੁਰੱਖਿਅਤ ਕੱਢ ਕੇ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਵਿਦੇਸ਼ ਦੌਰਿਆਂ ਦੌਰਾਨ ਦੂਜੇ ਦੇਸ਼ਾਂ ਨਾਲ ਜੋ ਮਿੱਤਰਤਾ ਕਾਇਮ ਕੀਤੀ, ਉਸ ਦੇ ਸਹਾਰੇ ਹੀ ਅਸੀਂ ਸੈਂਕੜੇ ਲੋਕਾਂ ਨੂੰ ਜੇਲ੍ਹਾਂ 'ਚੋਂ ਛੁਡਾ ਕੇ ਭਾਰਤ ਲਿਆ ਸਕੇ ਹਾਂ।
ਸੁਸ਼ਮਾ ਨੇ ਵਿਦੇਸ਼ ਦੌਰਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੱਤਾ 'ਚ ਆਉਣ ਤੋਂ ਬਾਅਦ ਅਸੀਂ ਸੰਕਲਪ ਲਿਆ ਸੀ ਕਿ ਸੰਯੁਕਤ ਰਾਸ਼ਟਰ ਦੇ ਸਾਰੇ 192 ਦੇਸ਼ਾਂ ਨੂੰ ਕਵਰ ਕਰਾਂਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ 186 ਦੇਸ਼ਾਂ 'ਚ ਮੰਤਰੀ ਪੱਧਰ ਦੀ ਵਾਰਤਾ ਹੋ ਚੁੱਕੀ ਹੈ ਜਦਕਿ ਬਾਕੀ ਬਚੇ 6 ਦੇਸ਼ਾਂ ਦੇ ਮੰਤਰੀਆਂ ਦਾ ਵੀ ਮੁਲਾਕਾਤ ਲਈ ਨਾਂ ਤੈਅ ਹੋ ਚੁੱਕਿਆ ਹੈ।
ਵਿਦੇਸ਼ ਮੰਤਰੀ ਨੇ ਦੱਸਿਆ ਕਿ ਬੀਜੇਪੀ ਦੇ ਕੇਂਦਰ 'ਚ ਆਉਣ ਤੋਂ ਪਹਿਲਾਂ ਦੇਸ਼ 'ਚ ਸਿਰਫ਼ 77 ਪਾਸਪੋਰਟ ਕੇਂਦਰ ਸਨ ਜਦਕਿ ਇਨ੍ਹਾਂ ਚਾਰ ਸਾਲਾਂ 'ਚ 227 ਨਵੇਂ ਪਾਸਪੋਰਟ ਕੇਂਦਰ ਸਥਾਪਤ ਕੀਤੇ ਗਏ।
ਇਸ ਮੌਕੇ ਪਾਕਿਸਤਾਨ ਨਾਲ ਗੱਲਬਾਤ ਦੇ ਮੁੱਦੇ 'ਤੇ ਬੋਲਦਿਆਂ ਸੁਸ਼ਮਾ ਨੇ ਕਿਹਾ ਕਿ ਅੱਤਵਾਦ ਤੇ ਗੱਲਬਾਤ ਇੱਕੋ ਵੇਲੇ ਸੰਭਵ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਰਤ ਗੱਲਬਾਤ ਲਈ ਤਿਆਰ ਹੈ ਪਰ ਪਹਿਲਾਂ ਪਾਕਿਸਤਾਨ ਨੂੰ ਆਪਣੀਆਂ ਅੱਤਵਾਦੀ ਗਤੀਵਿਧੀਆਂ 'ਤੇ ਵਿਰਾਮ ਲਾਉਣਾ ਪਵੇਗਾ।