ਟਾਂਗਰੀ ਨਦੀ ਹੋਈ ਓਵਰਫਲੋਅ, ਕਲੋਨੀਆਂ ਵਿੱਚ ਭਰਿਆ ਪਾਣੀ, ਲੋਕ ਨੇ ਛੱਡੇ ਆਪਣੇ ਘਰ, SDRF ਤਾਇਨਾਤ, ਪਟਿਆਲਾ ‘ਚ ਵੀ ਅਲਰਟ
3 ਕਲੋਨੀਆਂ ਵਿੱਚ ਹਾਲਤ ਵਿਗੜਨ ਤੋਂ ਬਾਅਦ ਲੋਕ ਆਪਣੇ ਘਰ ਛੱਡਣ ਲੱਗ ਪਏ ਹਨ। ਕੁਝ ਲੋਕ ਉੱਚੀਆਂ ਸੜਕਾਂ 'ਤੇ ਪਹੁੰਚ ਗਏ ਹਨ। ਮੌਸਮ ਵਿਭਾਗ ਨੇ ਅੱਜ ਇੱਥੇ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਸੀ।

Punjab Floods Update: ਹਰਿਆਣਾ ਦੇ ਅੰਬਾਲਾ ਵਿੱਚ ਬੁੱਧਵਾਰ ਨੂੰ ਟਾਂਗਰੀ ਨਦੀ ਫਿਰ ਤੋਂ ਓਵਰਫਲੋਅ ਹੋ ਗਈ। ਨਦੀ ਦਾ ਪਾਣੀ ਅੰਬਾਲਾ ਦੀਆਂ ਕਲੋਨੀਆਂ ਵਿੱਚ 2-2 ਫੁੱਟ ਤੱਕ ਦਾਖਲ ਹੋ ਗਿਆ ਹੈ। ਇਨ੍ਹਾਂ ਕਲੋਨੀਆਂ ਦੇ ਅੱਧੇ ਘਰ ਡੁੱਬ ਗਏ।
ਇਸ ਤੋਂ ਬਾਅਦ, ਪ੍ਰਸ਼ਾਸਨ ਨੇ ਇੱਥੇ SDRF ਤਾਇਨਾਤ ਕਰ ਦਿੱਤਾ ਹੈ। ਪਾਣੀ ਓਵਰਫਲੋ ਹੋ ਰਿਹਾ ਹੈ ਤੇ ਇਸ ਵੇਲੇ ਸਿਰਸਾ ਵੱਲ ਵਧ ਰਿਹਾ ਹੈ। ਨਦੀ ਦਾ ਵਹਾਅ ਲਗਭਗ 30 ਹਜ਼ਾਰ ਕਿਊਸਿਕ ਹੈ। ਜੇ ਪਾਣੀ ਦਾ ਪੱਧਰ ਇਸ ਤੋਂ ਵੱਧ ਵਧਦਾ ਹੈ, ਤਾਂ ਅੰਬਾਲਾ ਕੈਂਟ ਵਿੱਚ ਵੀ ਸਥਿਤੀ ਵਿਗੜ ਸਕਦੀ ਹੈ।
3 ਕਲੋਨੀਆਂ ਵਿੱਚ ਹਾਲਤ ਵਿਗੜਨ ਤੋਂ ਬਾਅਦ ਲੋਕ ਆਪਣੇ ਘਰ ਛੱਡਣ ਲੱਗ ਪਏ ਹਨ। ਕੁਝ ਲੋਕ ਉੱਚੀਆਂ ਸੜਕਾਂ 'ਤੇ ਪਹੁੰਚ ਗਏ ਹਨ। ਮੌਸਮ ਵਿਭਾਗ ਨੇ ਅੱਜ ਇੱਥੇ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਟਾਂਗਰੀ ਨਦੀ ਓਵਰਫਲੋ ਹੋ ਸਕਦੀ ਹੈ। ਪ੍ਰਸ਼ਾਸਨ ਨੇ ਅੰਬਾਲਾ ਸ਼ਹਿਰ ਅਤੇ ਨਦੀ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਸੀ।
ਇਸ ਤੋਂ ਪਹਿਲਾਂ ਪਿਛਲੇ ਸ਼ੁੱਕਰਵਾਰ ਨੂੰ ਵੀ ਪ੍ਰਸ਼ਾਸਨ ਨੇ ਟਾਂਗਰੀ ਨਦੀ ਦੇ ਵਧਦੇ ਪਾਣੀ ਦੇ ਪੱਧਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ। ਇਸ ਤੋਂ ਬਾਅਦ ਟਾਂਗਰੀ ਨੇ ਆਲੇ-ਦੁਆਲੇ ਦੀਆਂ ਕਲੋਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ।
ਇਸ ਦੌਰਾਨ, ਅੰਬਾਲਾ ਅਤੇ ਕਾਲਾ ਅੰਬ ਖੇਤਰ ਵਿੱਚ ਭਾਰੀ ਬਾਰਿਸ਼ ਕਾਰਨ ਟਾਂਗਰੀ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ, ਪਟਿਆਲਾ ਜ਼ਿਲ੍ਹੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਦੇਵੀਗੜ੍ਹ ਖੇਤਰ ਵਿੱਚ ਦਰਿਆ ਦਾ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਹੈ।
ਸਥਾਨਕ ਲੋਕਾਂ ਨੂੰ ਸਾਵਧਾਨ ਰਹਿਣ, ਦਰਿਆ ਦੇ ਕੰਢੇ ਨਾ ਜਾਣ ਅਤੇ ਪ੍ਰਸ਼ਾਸਨਿਕ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਨੇ ਪ੍ਰਭਾਵਿਤ ਖੇਤਰਾਂ ਵਿੱਚ ਸੁਰੱਖਿਆ ਕੈਂਪ ਸਥਾਪਤ ਕੀਤੇ ਹਨ ਅਤੇ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਕਿਸੇ ਵੀ ਐਮਰਜੈਂਸੀ ਜਾਣਕਾਰੀ ਲਈ, ਪਟਿਆਲਾ ਜ਼ਿਲ੍ਹਾ ਕੰਟਰੋਲ ਰੂਮ ਨੰਬਰ 0175-2350550, 2358550 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















