(Source: ECI/ABP News/ABP Majha)
ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪ੍ਰਤੀ ਇਮਾਨਦਾਰ ਨਹੀਂ, ਪ੍ਰਧਾਨ ਮੰਤਰੀ ਨੂੰ ਵੀ ਕਿਸਾਨਾਂ ਪ੍ਰਤੀ ਕੋਈ ਹੇਜ ਨਹੀਂ : ਸੱਤਿਆਪਾਲ ਮਲਿਕ
ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਬਾਰੇ ਕਾਨੂੰਨੀ ਗਾਰੰਟੀ ਨਾ ਦੇਣ ਲਈ ਮੋਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪ੍ਰਤੀ ਇਮਾਨਦਾਰ ਨਹੀ ਹੈ।
ਨਵੀਂ ਦਿੱਲੀ : ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ (Meghalaya Governor Satyapal Malik) ਨੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਬਾਰੇ ਕਾਨੂੰਨੀ ਗਾਰੰਟੀ ਨਾ ਦੇਣ ਲਈ ਮੋਦੀ ਸਰਕਾਰ (Modi Government) ਨੂੰ ਘੇਰਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪ੍ਰਤੀ ਇਮਾਨਦਾਰ ਨਹੀਂ ਤੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਪ੍ਰਤੀ ਕੋਈ ਹੇਜ ਨਹੀਂ ਹੈ।
ਇਸ ਮੌਕੇ ਮਲਿਕ ਨੇ ਕਿਹਾ, ‘‘ਕੇਂਦਰ ਵਿੱਚ ਗ਼ੈਰ-ਸੰਵੇਦਨਸ਼ੀਲ ਸਰਕਾਰ ਹੈ। ਸਰਕਾਰ ਦੀ ਐਮਐਸਪੀ ਕਾਨੂੰਨ ਨੂੰ ਲੈ ਕੇ ਨੀਅਤ ਸਾਫ਼ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਐਮਐਸਪੀ ਤੋਂ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ। ਉਨ੍ਹਾਂ ਨੇ ਕਿਹਾ, ‘ਐਮਐਸਪੀ ਬਾਰੇ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ। ਮੈਂ ਵੀ ਸਰਕਾਰ ਵਿੱਚ ਹਾਂ, ਪਰ ਕਿਸਾਨ ਹਿੱਤਾਂ ਲਈ ਆਵਾਜ਼ ਬੁਲੰਦ ਕਰਦਾ ਰਹਾਂਗਾ।’’
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਪ੍ਰਧਾਨ ਮੰਤਰੀ ਦੇ ਦਾਅਵਿਆਂ ’ਤੇ ਸਵਾਲ ਉਠਾਉਂਦਿਆਂ ਮਲਿਕ ਨੇ ਕਿਹਾ, ‘‘ਕਿਸਾਨ ਨੂੰ ਉਸ ਦੀ ਲਾਗਤ ਦਾ ਢੁਕਵਾਂ ਮੁੱਲ ਨਹੀਂ ਮਿਲਦਾ, ਫਿਰ ਉਸ ਦੀ ਆਮਦਨ ਦੁੱਗਣੀ ਕਿਵੇਂ ਹੋਵੇਗੀ?’’
ਦੱਸ ਦਈਏ ਕਿ ਫ਼ਸਲਾਂ ਦੀ ਐਮਐਸਪੀ ’ਤੇ ਖਰੀਦ ਤੇ ਹੋਰਨਾਂ ਬਕਾਇਆ ਮੰਗਾਂ ਨੂੰ ਲੈ ਕੇ ਅੱਜ ਜੰਤਰ ਮੰਤਰ ’ਤੇ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਣਗੇ। ਚਰਚਾ ਹੈ ਕਿ ਦਿੱਲੀ ਵਿੱਚ ਮੁੜ ਕਿਸਾਨਾਂ ਦਾ ਵੱਡਾ ਅੰਦੋਲਨ ਸ਼ੁਰੂ ਹੋ ਸਕਦਾ ਹੈ।
ਉਧਰ, ਦਿੱਲੀ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਪੁਲਿਸ ਨੇ ਇਹਤਿਆਤ ਵਜੋਂ ਦਿੱਲੀ ਨਾਲ ਲੱਗਦੀ ਹਰਿਆਣਾ ਦੇ ਟਿਕਰੀ ਬਾਰਡਰ ’ਤੇ ਸੁਰੱਖਿਆ ਬਲਾਂ ਦੀ ਨਫ਼ਰੀ ਵਧਾ ਦਿੱਤੀ ਹੈ। ਪੁਲਿਸ ਨੇ ਟਿਕਰੀ ਬਾਰਡਰ ’ਤੇ ਬੈਰੀਕੇਡਿੰਗ ਦਾ ਵੀ ਪ੍ਰਬੰਧ ਕੀਤਾ ਹੈ।
ਦਿੱਲੀ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ
ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰਦਿਆਂ ਦਿੱਲੀ ਪੁਲਿਸ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਤਰਫੋਂ ਜੰਤਰ-ਮੰਤਰ ਵਿਖੇ ਹੋਣ ਵਾਲੀ ਮਹਾਂਪੰਚਾਇਤ ਦੇ ਮੱਦੇਨਜ਼ਰ ਸੜਕ 'ਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪਹਿਲਾਂ ਤੋਂ ਹੀ ਯੋਜਨਾ ਬਣਾ ਲੈਣ ਤਾਂ ਜੋ ਇਨ੍ਹਾਂ ਰਸਤਿਆਂ 'ਤੇ ਜਾਣ ਤੋਂ ਬਚਿਆ ਜਾ ਸਕੇ। ਜਿਨ੍ਹਾਂ ਰੂਟਾਂ 'ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹ ਹਨ-
ਟਾਲਸਟਾਏ ਮਾਰਗ, ਸੰਸਦ ਮਾਰਗ, ਜਨਪਥ (ਕਨਾਟ ਪਲੇਸ ਤੋਂ ਵਿੰਡਸਾਲ ਪਲੇਸ ਦਾ ਬਾਹਰੀ ਚੱਕਰ), ਕਨਾਟ ਪਲੇਸ ਦਾ ਬਾਹਰੀ ਸਰਕਲ, ਅਸ਼ੋਕਾ ਰੋਡ, ਬਾਬਾ ਖੜਕ ਸਿੰਘ ਮਾਰਗ ਅਤੇ ਪੰਡਿਤ ਪੰਤ ਮਾਰਗ।