ਚੰਡੀਗੜ੍ਹ: ਦੇਸ਼ ਵਿੱਚ ਮਰਾਠਾ ਰਾਖਵੇਂਕਰਨ ਦੇ ਚੱਲ ਰਹੇ ਮੁੱਦੇ ਸਬੰਧੀ ਬੋਲਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਰਾਖਵਾਂਕਰਨ ਹਾਸਲ ਕਰ ਨੌਕਰੀ ਮਿਲਣ ਦੀ ਕੋਈ ਗਰੰਟੀ ਨਹੀਂ ਕਿਉਂਕਿ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਘੱਟ ਹੋ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਗਡਕਰੀ ਨੇ ਕਿਹਾ ਕਿ ਮੰਨ ਲਉ ਰਾਖਵਾਂਕਰਨ ਦੇ ਵੀ ਦਿੱਤਾ ਪਰ ਨੌਕਰੀਆਂ ਹੀ ਨਹੀਂ ਹਨ। ਇਸ ਪਿੱਛੇ ਉਨ੍ਹਾਂ ਕਾਰਨ ਦੱਸਦਿਆਂ ਕਿਹਾ ਕਿ ਬੈਂਕ ਵਿੱਚ ਆਈਟੀ ਕਾਰਨ ਨੌਕਰੀਆਂ ਘੱਟ ਹੋਈਆਂ ਹਨ। ਸਰਕਾਰੀ ਭਰਤੀ ਵੀ ਰੁਕੀ ਹੋਈ ਹੈ। ਰੁਜ਼ਗਾਰ ਦੇ ਮੌਕੇ ਹੈ ਹੀ ਨਹੀਂ।
ਉਨ੍ਹਾਂ ਕਿਹਾ ਕਿ ‘ਬੈਕਵਰਡ’ ਸ਼ਬਦ ਇੱਕ ਟੈਗ ਬਣ ਗਿਆ ਹੈ ਜਿਸ ਲਈ ਲਗਪਗ ਦੇਸ਼ ਦੇ ਸਾਰੇ ਤਬਕੇ ਦਾਅਵਾ ਕਰਦੇ ਹਨ। ਹਰ ਕੋਈ ਕਹਿੰਦਾ ਹੈ ਕਿ ਮੈਂ ਬੈਕਵਰਡ ਹਾਂ। ਉਨ੍ਹਾਂ ਕਿਹਾ ਕਿ ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਬ੍ਰਾਹਮਣ ਸ਼ਕਤੀਸ਼ਾਲੀ ਹਨ ਤੇ ਉਹ ਸਿਆਸਤ ਵਿੱਚ ਵੀ ਕਾਫੀ ਸਰਗਰਮ ਹਨ, ਪਰ ਫਿਰ ਵੀ ਉਹ ਬੈਕਵਰਡ ਹੋਣ ਦਾ ਦਾਅਵਾ ਕਰਦੇ ਹਨ।
ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਰਾਖਵਾਂਕਰਨ ਬੰਦੇ ਦੀ ਮਾਲੀ ਹਾਲਤ ਦੇ ਆਧਾਰ ’ਤੇ ਦੇਣਾ ਚਾਹੀਦਾ ਹੈ ਨਾ ਕਿ ਉਸ ਦੇ ਧਰਮ ਤਾਂ ਜਾਤ ਦੇ ਆਧਾਰ ’ਤੇ। ਹਰ ਤਬਕੇ ਦੇ ਲੋਕਾਂ ਵਿੱਚ ਅਜਿਹੇ ਲੋਕ ਸ਼ਾਮਲ ਹਨ ਜਿਨ੍ਹਾਂ ਕੋਲ ਪਹਿਨਣ ਲਈ ਕੱਪੜੇ ਤੇ ਖਾਣ ਲਈ ਭੋਜਨ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਗਰੀਬ, ਗਰੀਬ ਹੁੰਦਾ ਹੈ, ਉਸ ਦੀ ਕੋਈ ਜਾਤੀ, ਪੰਥ ਜਾਂ ਭਾਸ਼ਾ ਨਹੀਂ ਹੁੰਦੀ।
ਗੌਰਤਲਬ ਹੈ ਕਿ ਮਹਾਂਰਾਸ਼ਟਰ ਵਿੱਚ 16 ਫੀਸਦੀ ਰਾਖਵੇਂਕਰਨ ਦੀ ਮੰਗ ਸਬੰਧੀ ਮਰਾਠਾ ਭਾਈਚਾਰੇ ਦਾ ਅੰਦੋਲਨ ਜਾਰੀ ਹੈ। ਇਸ ਦੌਰਾਨ ਦੇਸ਼ ਵਿੱਚ ਕਈ ਥਾਈਂ ਹਿੰਸਕ ਘਟਨਾਵਾਂ ਵੀ ਹੋਈਆਂ ਹਨ। ਕਈ ਥਾਵਾਂ ’ਤੇ ਨੌਜਵਾਨਾਂ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਵੀ ਕੀਤੀ ਹੈ।