ਪੰਜਾਬ ਸਣੇ ਇਨ੍ਹਾਂ 6 ਰਾਜਾਂ ਨੂੰ ਹਿਮਾਚਲ 'ਚ ਦਾਖਲੇ ਲਈ ਕੋਰੋਨਾ ਨੈਗੇਟਿਵ ਰਿਪੋਰਟ ਜ਼ਰੂਰੀ
ਕੋਵਿਡ -19 ਮਾਮਲਿਆਂ ਵਿੱਚ ਆਈ ਤੇਜ਼ੀ ਮਗਰੋਂ ਹਿਮਾਚਲ ਪ੍ਰਦੇਸ਼ ਸਰਕਾਰ ਨੇ ਐਤਵਾਰ ਨੂੰ ਪੰਜਾਬ, ਦਿੱਲੀ, ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਲਈ ਆਰਟੀ-ਪੀਸੀਆਰ ਟੈਸਟ ਲਾਜ਼ਮੀ ਕਰ ਦਿੱਤਾ ਹੈ।
ਸ਼ਿਮਲਾ: ਕੋਵਿਡ -19 ਮਾਮਲਿਆਂ ਵਿੱਚ ਆਈ ਤੇਜ਼ੀ ਮਗਰੋਂ ਹਿਮਾਚਲ ਪ੍ਰਦੇਸ਼ ਸਰਕਾਰ ਨੇ ਐਤਵਾਰ ਨੂੰ ਪੰਜਾਬ, ਦਿੱਲੀ, ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਲਈ ਆਰਟੀ-ਪੀਸੀਆਰ ਟੈਸਟ ਲਾਜ਼ਮੀ ਕਰ ਦਿੱਤਾ ਹੈ।
ਇਹ ਫੈਸਲਾ ਇਥੇ ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ। ਇਨ੍ਹਾਂ ਕੋਰੋਨਾ ਕਹਿਰ ਦੀ ਲਪੇਟ 'ਚ ਆਏ ਰਾਜਾਂ ਦੇ ਲੋਕਾਂ ਨੂੰ ਹਿਮਾਚਲ ਵਿਚ ਦਾਖਲ ਹੋਣ ਦੀ ਤਾਂ ਹੀ ਆਗਿਆ ਦਿੱਤੀ ਜਾਏਗੀ ਜੇ ਉਨ੍ਹਾਂ ਕੋਲ 72 ਘੰਟੇ ਪਹਿਲਾਂ ਦੀ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਜਾਰੀ ਸਾਰੇ ਐਸਓਪੀਜ਼ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਰਾਜ ਵਿੱਚ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਵਾਇਰਸ ਦੇ ਫੈਲਣ ਨੂੰ ਰੋਕਿਆ ਜਾ ਸਕੇ।
ਹਿਮਾਚਲ ਵਿੱਚ ਕੱਲ੍ਹ ਇੱਕ ਹੀ ਦਿਨ ਵਿੱਚ ਸਭ ਤੋਂ ਵੱਧ 941 ਕੇਸ ਦਰਜ ਕੀਤੇ ਗਏ ਸੀ। ਦੂਸਰੀ ਲਹਿਰ ਦੌਰਾਨ 12 ਮੌਤਾਂ ਸਰਕਾਰ ਨੂੰ ਰੋਕ ਲਗਾਉਣ ਲਈ ਮਜਬੂਰ ਕਰ ਰਹੀਆਂ ਸੀ।
ਉਨ੍ਹਾਂ ਕਿਹਾ ਕਿ ਫਿਲਹਾਲ ਸੂਬਾ ਸਰਕਾਰ ਨੇ ਸੈਲਾਨੀਆਂ ਨੂੰ ਸੂਬੇ ਵਿੱਚ ਆਉਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ, ਪਰ ਇਸ ਦੇ ਨਾਲ ਹੀ ਹੋਟਲ ਮਾਲਕਾਂ ਅਤੇ ਸੈਲਾਨੀਆਂ ਨੂੰ ਸੂਬਾ ਸਰਕਾਰ ਵੱਲੋਂ ਜਾਰੀ ਐਸਓਪੀਜ਼ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।
ਮਾਈਕਰੋ ਕੰਟੇਨਮੈਂਟ ਜ਼ੋਨਾਂ ਦੀ ਪ੍ਰਭਾਵਸ਼ਾਲੀ ਨਿਗਰਾਨੀ ਨਾਲ ਟੈਸਟਿੰਗ, ਟਰੇਸਿੰਗ ਅਤੇ ਇਲਾਜ਼ ਲਈ ਦੋ ਜੁਗਤੀ ਰਣਨੀਤੀ 'ਤੇ ਜ਼ੋਰ ਦਿੰਦੇ ਹੋਏ, ਮੁੱਖ ਮੰਤਰੀ ਨੇ ਕਿਹਾ ਕਿ 70 ਪ੍ਰਤੀਸ਼ਤ ਆਰ ਟੀ-ਪੀਸੀਆਰ ਟੈਸਟਾਂ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਆਰ ਟੀ-ਪੀਸੀਆਰ ਟੈਸਟ ਕਰਵਾਉਣ' ਤੇ ਵੀ ਵਧੇਰੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :