ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਤੀਜੀ ਲਹਿਰ ਜ਼ੋਰ ਫੜ੍ਹਨ ਲੱਗੀ ਹੈ। ਅਹਿਮ ਗੱਲ਼ ਇਹ ਹੈ ਕਿ ਇਸ ਵਾਰ ਕਰੋਨਾ ਦੇ ਨਵੇਂ ਸਰੂਪ ਓਮੀਕਰੋਨ ਦੇ ਕੇਸ ਵਧਣ ਲੱਗੇ ਹਨ। ਇਸ ਲਈ ਦੇਸ਼ ਦੇ ਕਈ ਸੂਬਿਆਂ ਵਿੱਚ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਸਰਕਾਰ ਲਈ ਸਭ ਤੋਂ ਵੱਡਾ ਖਤਰਾ ਵਿਧਾਨ ਸਭਾ ਚੋਣਾਂ ਵਾਲੇ ਪੰਜ ਰਾਜ ਹਨ। ਚੋਣਾਂ ਕਰਕੇ ਇਨ੍ਹਾਂ ਰਾਜਾਂ ਵਿੱਚ ਵੱਡੇ ਜਨਤਕ ਇਕੱਠ ਹੋ ਰਹੇ ਹਨ ਜੇ ਵਿਸਫੋਟਕ ਸਾਬਤ ਹੋ ਸਕਦੇ ਹਨ।


ਉਧਰ, ਤਾਜ਼ਾ ਹਾਲਾਤ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਗੋਆ ਸਮੇਤ 19 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੈਸਟਿੰਗ ਵਧਾਉਣ ’ਤੇ ਜ਼ੋਰ ਦਿੱਤਾ ਹੈ। ਸਿਹਤ ਮੰਤਰਾਲੇ ਦੀ ਵਧੀਕ ਸਕੱਤਰ ਆਰਤੀ ਆਹੂਜਾ ਨੇ ਪੱਤਰ ਲਿਖ ਕੇ ਇਨ੍ਹਾਂ ਸੂਬਿਆਂ ਨੂੰ ਕਿਹਾ ਹੈ ਕਿ ਉਹ ਕਰੋਨਾ ਦੇ ਪਸਾਰ ਰੋਕਣ ਤੇ ਟੈਸਟਿੰਗ ਵਧਾਉਣ ’ਚ ਢਿੱਲ ਨਾ ਵਰਤਣ।


ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਿਹਾ ਹੈ ਕਿ ਮਹਾਰਾਸ਼ਟਰ, ਪੱਛਮੀ ਬੰਗਾਲ, ਤਾਮਿਲਨਾਡੂ, ਦਿੱਲੀ, ਕਰਨਾਟਕ ਅਤੇ ਗੁਜਰਾਤ ਹਫ਼ਤਾਵਾਰੀ ਕੋਵਿਡ-19 ਦੇ ਮਾਮਲਿਆਂ ਤੇ ਪੌਜ਼ੇਟੀਵਿਟੀ ਦਰ ਦੇ ਆਧਾਰ ’ਤੇ ਚਿੰਤਾ ਵਧਾਉਣ ਵਾਲੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਵਜੋਂ ਉਭਰ ਰਹੇ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਠ ਜ਼ਿਲ੍ਹਿਆਂ ’ਚ ਕਰੋਨਾ ਦੇ ਹਫ਼ਤਾਵਾਰੀ ਲਾਗ ਦੇ 10 ਫ਼ੀਸਦ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਜਦਕਿ 14 ਜ਼ਿਲ੍ਹਿਆਂ ’ਚ ਲਾਗ ਦੀ ਦਰ 5 ਤੋਂ 10 ਫ਼ੀਸਦ ਹੈ।


ਸਰਕਾਰ ਨੇ ਕਿਹਾ ਕਿ ਕਰੋਨਾ ਦੇ ਫੈਲਾਅ ਦਾ ਸੰਕੇਤ ਦੇਣ ਵਾਲੀ ਆਰ ਨੌਟ ਵੈਲਿਊ (ਰੀਪ੍ਰੋਡਕਸ਼ਨ ਵੈਲਿਊ) 1.22 ਹੈ। ਇਸ ਲਈ ਮਾਮਲੇ ਵਧ ਰਹੇ ਹਨ ਨਾ ਕਿ ਘੱਟ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਅੱਠ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਇਹਤਿਆਤ ਵਰਤਣ ਲਈ ਚਿੱਠੀ ਲਿਖੀ ਹੈ।


ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਦਿੱਲੀ, ਹਰਿਆਣਾ, ਤਾਮਿਲਨਾਡੂ, ਪੱਛਮੀ ਬੰਗਾਲ, ਮਹਾਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਝਾਰਖੰਡ ਨੂੰ ਕਿਹਾ ਹੈ ਕਿ ਉਹ ਟੈਸਟਿੰਗ ਵਧਾਉਣ, ਹਸਪਤਾਲਾਂ ’ਚ ਤਿਆਰੀਆਂ ਰੱਖਣ ਤੇ ਟੀਕਾਕਰਨ ਮੁਹਿੰਮ ਦੀ ਰਫ਼ਤਾਰ ਵਧਾਉਣ। ਇਸ ਤੋਂ ਇਲਾਵਾ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਖ਼ਤ ਪਾਬੰਦੀਆਂ ਯਕੀਨੀ ਬਣਾਉਣ।


ਉਧਰ, ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾਕਟਰ ਵੀ ਕੇ ਪੌਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਦੇ ਕੇਸਾਂ ’ਚ ਵਾਧਾ ਦਰਜ ਹੋਇਆ ਹੈ ਤੇ ਕੁਝ ਸੂਬਿਆਂ ’ਚ ਇਹ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਚੋਣ ਰੈਲੀਆਂ ਬਾਰੇ ਪੌਲ ਨੇ ਕਿਹਾ ਕਿ ਸਿਹਤ ਮੰਤਰਾਲੇ ਨੇ ਲਾਗ ਤੋਂ ਬਚਣ ਲਈ ਇਹਤਿਆਤੀ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ ਹਨ। ਕਰੋਨਾ ਤੋਂ ਬਚਾਅ ਦੇ ਨੇਮਾਂ ਦੀ ਪਾਲਣਾ ਨਾਲ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।


ਦੇਸ਼ ਵਿੱਚ ਓਮੀਕਰੋਨ ਦੇ ਹਾਲਾਤ


ਦਿੱਲੀ ’ਚ ਓਮੀਕਰੋਨ ਦੇ ਪੀੜਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ 263 ਹੈ ਜਦਕਿ ਮਹਾਰਾਸ਼ਟਰ ’ਚ 252, ਗੁਜਰਾਤ ’ਚ 97, ਰਾਜਸਥਾਨ ’ਚ 69, ਕੇਰਲਾ ’ਚ 65 ਅਤੇ ਤਿਲੰਗਾਨਾ ’ਚ 62 ਕੇਸ ਹਨ। ਕਰੋਨਾ ਦੇ ਰੋਜ਼ਾਨਾ ਕੇਸਾਂ ਦੀ ਗਿਣਤੀ ਕਰੀਬ 49 ਦਿਨਾਂ ਬਾਅਦ 13 ਹਜ਼ਾਰ ਤੋਂ ਪਾਰ ਹੋ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਓਮੀਕਰੋਨ ਸਰੂਪ ਡੈਲਟਾ ਨਾਲੋਂ ਤੇਜ਼ੀ ਨਾਲ ਫੈਲਦਾ ਹੈ ਤੇ 2-3 ਦਿਨਾਂ ’ਚ ਦੁਗਣਾ ਹੋ ਜਾਂਦਾ ਹੈ।



ਇਹ ਵੀ ਪੜ੍ਹੋ: GST Council Meeting: GST ਕੌਂਸਲ ਦੀ 46ਵੀਂ ਮੀਟਿੰਗ, ਕੱਪੜਿਆਂ ਅਤੇ ਜੁੱਤੀਆਂ 'ਤੇ GST ਦਰ ਵਧਾਉਣ ਦੇ ਫੈਸਲੇ 'ਤੇ ਹੋ ਸਕਦੀ ਚਰਚਾ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904