ਮੁੰਬਈ: 14 ਲੋਕਾਂ ਤੇ ਦਰਜਨਾਂ ਜਾਨਵਰਾਂ ਦੀ ਜਾਨ ਲੈ ਚੁੱਕੀ ਆਦਮਖੋਰ ਸ਼ੇਰਨੀ ਅਵਨੀ ਨੂੰ ਆਖਿਰਕਾਰ ਜੰਗਲਾਤ ਵਿਭਾਗ ਨੇ ਸਖ਼ਤ ਮਿਹਨਤ ਤੋਂ ਬਾਅਦ ਮਾਰ ਹੀ ਦਿੱਤਾ। ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਪਹਿਲਾਂ ਅਵਨੀ ਨੂੰ ਸੁਰੱਖਿਅਤ ਫੜਣ ਦੀ ਕੋਸ਼ਿਸ਼ ਕੀਤੀ ਪਰ ਕਾਬੂ ਪਾਉਣ ‘ਚ ਨਾਕਾਮਯਾਬ ਹੋਣ ਤੋਂ ਬਾਅਦ ਉਸ ਨੂੰ ਗੋਲ਼ੀ ਮਾਰਨੀ ਪਈ।

ਦੇਰ ਰਾਤ ਵਿਭਾਗ ਅਤੇ ਸ਼ੂਟਰ ਨਵਾਬ ਦੇ ਬੇਟੇ ਅਸਗਰ ਨੇ ਉਸ ਨੂੰ ਗੋਲ਼ੀ ਮਾਰੀ, ਅਜਿਹਾ ਕਰਨ ਦਾ ਕਾਰਨ ਇਹ ਵੀ ਸੀ ਕਿ ਅਵਨੀ ਉਨ੍ਹਾਂ ਦੀ ਟੀਮ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਸ਼ੇਰਨੀ ਦੇ ਮਰਨ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਪਟਾਕੇ ਪਾ ਕੇ ਅਤੇ ਮਿਠਾਈਆਂ ਵੰਡ ਕੇ ਖੁਸ਼ੀ ਜ਼ਾਹਿਰ ਕੀਤੀ।


ਇਸ ਤੋਂ ਬਾਅਦ ਹੁਣ ਵਿਭਾਗ ਉਸ ਦੇ ਦੋ ਬੱਚਿਆਂ ਦੀ ਭਾਲ ਕਰ ਰਹੀ ਹੈ, ਕਿਉਂਕਿ ਮਾਂ ਤੋਂ ਬਿਨਾ ਬੱਚਿਆਂ ਦਾ ਜੰਗਲ ‘ਚ ਜ਼ਿਆਦਾ ਸਮੇਂ ਜ਼ਿੰਦਾ ਰਹਿਣਾ ਮੁਸ਼ਕਲ ਹੈ। ਇਸ ਸ਼ੇਰਨੀ ਦੇ ਖ਼ੌਫ ਕਾਰਨ ਪ੍ਰਸਾਸ਼ਨ ਨੇ ਪਿਛਲੇ ਦਿਨੀਂ ਅਵਨੀ ਨੂੰ ਗੋਲ਼ੀ ਮਾਰਨ ਦੇ ਆਦੇਸ਼ ਜਾਰੀ ਕਰ ਦਿੱਤੇ ਸੀ। 10 ਮਹੀਨੇ ਪਹਿਲਾਂ ਯਵਤਮਾਲ ਦੇ ਰੋਲੇਗਾਂਵ ‘ਚ ਇਸ ਸ਼ੇਰਨੀ ਦੀ ਦਹਿਸ਼ਤ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਕੈਮਰੇ ਲਗਾ ਕੇ 200 ਟੀਮਾਂ ਇਸ ਨੂੰ ਲੱਭ ਰਹੀਆਂ ਸੀ।