ਨਵੀਂ ਦਿੱਲੀ: ਦਿੱਲੀ 'ਚ ਸੀਲਿੰਗ ਦੇ ਮੁੱਦੇ 'ਤੇ ਹੰਗਾਮਾ ਖਤਮ ਨਹੀਂ ਹੋ ਰਿਹਾ। ਦਿੱਲੀ 'ਚ ਚੱਲ ਰਹੀ ਸੀਲਿੰਗ ਨੂੰ ਲੈ ਕੇ ਵਪਾਰੀਆਂ ਤੇ ਮਾਰਕੀਟ ਐਸੋਸੀਏਸ਼ਨ ਵਿਚਾਲੇ ਪੰਗਾ ਵਧਦਾ ਹੀ ਜਾ ਰਿਹਾ ਹੈ। ਵਪਾਰੀਆਂ ਦੀ ਜਥੇਬੰਦੀ ਚੈਂਬਰ ਆਫ ਟਰੇਡ ਐਂਡ ਇੰਡਸਟਰੀ ਨੇ ਸੀਲਿੰਗ ਖਿਲਾਫ 72 ਘੰਟੇ ਦਿੱਲੀ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਦੋ, ਤਿੰਨ ਤੇ ਚਾਰ ਫਰਵਰੀ ਨੂੰ ਦਿੱਲੀ ਦਾ ਵਪਾਰ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ।

ਸੀਟੀਆਈ ਦੇ ਕਨਵੀਨਰ ਬ੍ਰਿਜੇਸ਼ ਗੋਇਲ ਤੇ ਹੇਮੰਤ ਗੁਪਤਾ ਨੇ ਦੱਸਿਆ ਕਿ ਸੀਲਿੰਗ ਨੂੰ ਲੈ ਕੇ ਲੋਕਾਂ 'ਚ ਜ਼ਬਰਦਸਤ ਗੁੱਸਾ ਸੀ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀ ਮੰਗ ਹੈ ਕਿ ਜੇਕਰ ਇੱਕ-ਦੋ ਦਿਨ 'ਚ ਸਭ ਠੀਕ ਨਹੀਂ ਹੁੰਦਾ ਤਾਂ ਅਸੀਂ ਤਿੰਨ ਦਿਨ ਕੰਮ ਬੰਦ ਰੱਖ ਕੇ ਰੋਸ ਜਤਾਵਾਂਗੇ। 750 ਜਥੇਬੰਦੀਆਂ ਨੇ ਇਸ ਦਾ ਸਮਰਥਨ ਕੀਤਾ ਹੈ।

ਚਾਂਦਨੀ ਚੌਕ, ਸਦਰ ਬਾਜ਼ਾਰ, ਚਾਵੜੀ ਬਾਜ਼ਾਰ, ਖਾਰੀ ਬਾਵਲੀ, ਨਿਆ ਬਜ਼ਾਰ, ਭਾਗੀਰਥ ਪਲੇਸ, ਕਨੌਟ ਪਲੇਸ ਸਮੇਤ ਸਾਰੇ ਬਜ਼ਾਰ ਤਿੰਨ ਦਿਨ ਬੰਦ ਰਹਿਣਗੇ। ਪ੍ਰਦੀਪ ਗੁਪਤਾ ਤੇ ਰਾਕੇਸ਼ ਯਾਦਵ ਨੇ ਦੱਸਿਆ ਕਿ 2 ਤਰੀਕ ਨੂੰ ਸਾਰੇ ਵਪਾਰੀ ਮੀਟਿੰਗ ਕਰਣਗੇ ਫਿਰ ਪ੍ਰਦਰਸ਼ਨ ਸ਼ੁਰੂ ਹੋ ਜਾਵੇਗਾ।