ਜੰਮੂ-ਕਸ਼ਮੀਰ 'ਚ 1,000 ਕਰੋੜ ਦਾ ਨਿਵੇਸ਼ ਕਰਨ ਲਈ ਅੱਗੇ ਆਈ ਪੰਜਾਬ ਦੀ ਵੱਡੀ ਸਨਅਤ
ਜੰਮੂ-ਕਸ਼ਮੀਰ ਵਿੱਚ ਵਿਕਾਸ 'ਚ ਮਦਦ ਕਰਨ ਲਈ ਬਰਨਾਲਾ ਦੇ ਟ੍ਰਾਈਡੈਂਟ ਗਰੁੱਪ (Trident Group) ਨਾਂ ਦੀ ਕੰਪਨੀ ਇੱਕ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ।
ਚੰਡੀਗੜ੍ਹ: ਜੰਮੂ-ਕਸ਼ਮੀਰ ਵਿੱਚ ਵਿਕਾਸ 'ਚ ਮਦਦ ਕਰਨ ਲਈ ਬਰਨਾਲਾ ਦੇ ਟ੍ਰਾਈਡੈਂਟ ਗਰੁੱਪ (Trident Group) ਨਾਂ ਦੀ ਕੰਪਨੀ ਇੱਕ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਇਸ ਤੋਂ ਇਲਾਵਾ ਏਸ਼ੀਆ ਦੀ ਸਭ ਤੋਂ ਵੱਡੀ ਹੈਲਮਟ ਨਿਰਮਾਤਾ ਕੰਪਨੀ ਸਟੀਲਬਰਡ ਹਾਈਟੈਕ ਨੇ ਵੀ ਜੰਮੂ-ਕਸ਼ਮੀਰ ਵਿੱਚ ਨਿਰਮਾਣ ਪਲਾਂਟ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ ਹੈ।
ਦੱਸ ਦੇਈਏ ਗੁਪਤਾ ਕੈਬਨਿਟ ਸਟੇਟਸ ਦਾ ਦਰਜਾ ਪ੍ਰਾਪਤ ਪੰਜਾਬ ਯੋਜਨਾ ਬੋਰਡ ਦੇ ਉਪ ਚੇਅਰਮੈਨ ਵੀ ਹਨ ਤੇ ਉਹ ਪਹਿਲੇ ਅਜਿਹੇ ਵੱਡੇ ਕਾਰੋਬਾਰੀ ਹਨ, ਜਿਨ੍ਹਾਂ ਜੰਮੂ-ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰਨ ਤੋਂ ਬਾਅਦ ਸੂਬੇ ਲਈ ਨਿਵੇਸ਼ ਦਾ ਐਲਾਨ ਕੀਤਾ ਹੈ। ਗੁਪਤਾ ਨੇ ਕਿਹਾ ਕਿ ਉਨ੍ਹਾਂ ਕੋਲ ਇੱਕ ਖਾਕਾ ਹੈ, ਜਿਸ ਵਿੱਚ ਉਨ੍ਹਾਂ ਨੇ ਉਹ ਖੇਤਰਾਂ ਤੇ ਲਘੂ ਉਦਯੋਗਾਂ ਦੇ ਪਛਾਣ ਕੀਤੀ ਹੈ ਜਿਸ ਵਿੱਚ ਉਹ ਨਿਵੇਸ਼ ਕਰਨਗੇ।
ਗੁਪਤਾ ਨੇ ਕਿਹਾ ਕਿ ਇਸ ਪਹਿਲ ਨਾਲ ਉਨ੍ਹਾਂ ਦਾ ਮਕਸਦ ਮਹਿਲਾ ਸਸ਼ਕਤੀਕਰਨ ਨੂੰ ਤਰਜੀਹ ਦੇਣਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਟ੍ਰਾਈਡੈਂਟ ਗਰੁੱਪ ਦੇ ਇਸ ਨਿਵੇਸ਼ ਨਾਲ ਸੂਬੇ ਦੇ 10,000 ਪਰਿਵਾਰਾਂ ਨੂੰ ਲਾਭ ਮਿਲੇਗਾ। ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰਾਜ ਦਾ ਦਰਜਾ ਵੀ ਖ਼ਤਮ ਹੋ ਗਿਆ ਹੈ। ਹੁਣ ਦੇਸ਼ ਦੇ ਕਿਸੇ ਵੀ ਹਿੱਸੇ ਦਾ ਨਾਗਰਿਕ ਉੱਥੇ ਜਾਇਦਾਦ ਖਰੀਦ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਜੰਮੂ-ਕਸ਼ਮੀਰ ਦੇ ਵਿਕਾਸ ਵਿੱਚ ਕਾਫੀ ਤੇਜ਼ੀ ਆਏਗੀ।