ਨਵੀਂ ਦਿੱਲੀ: ਅਹਿਮਦਾਬਾਦ ਪ੍ਰਸ਼ਾਸਨ ਨੇ ਮੋਟੇਰਾ ਸਟੇਡੀਅਮ ਵਿੱਚ ਹੋਣ ਵਾਲੇ ਪ੍ਰੋਗਰਾਮ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਨੂੰ ਨਕਾਰ ਦਿੱਤਾ ਹੈ। ਟਰੰਪ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਸ ਦੇ ਰੋਡ ਸ਼ੋਅ ਦੌਰਾਨ ਹਵਾਈ ਅੱਡੇ ਤੇ ਮੋਟੇਰਾ ਸਟੇਡੀਅਮ ਵਿਚਾਲੇ ਲਗਪਗ 70 ਲੱਖ ਲੋਕ ਹੋਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਮੈਂ ਕਾਫ਼ੀ ਹੱਦ ਤੱਕ ਪ੍ਰਧਾਨ ਮੰਤਰੀ ਮੋਦੀ ਦੀ ਤਰ੍ਹਾਂ ਬਣਨ ਜਾ ਰਿਹਾ ਹਾਂ। ਇਹ ਪ੍ਰੋਗਰਾਮ ਵਿਸ਼ਵ ਦੇ ਸਭ ਤੋਂ ਵੱਡੇ ਸਟੇਡੀਅਮ ਵਿੱਚ ਹੋਵੇਗਾ। ਮੈਂ ਇਸ ਬਾਰੇ ਬਹੁਤ ਉਤਸ਼ਾਹਿਤ ਹਾਂ। ਹਾਲਾਂਕਿ, ਅਹਿਮਦਾਬਾਦ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਰੋਡ ਸ਼ੋਅ ਵਿੱਚ ਸਿਰਫ ਇੱਕ ਲੱਖ ਲੋਕਾਂ ਦੇ ਆਉਣ ਦੀ ਉਮੀਦ ਹੈ।


ਅਹਿਮਦਾਬਾਦ ਨਗਰ ਨਿਗਮ ਕਮਿਸ਼ਨਰ ਵਿਜੇ ਨਹਿਰਾ ਨੇ ਬੁੱਧਵਾਰ ਨੂੰ ਕਿਹਾ, “ਅਹਿਮਦਾਬਾਦ ਸ਼ਹਿਰ ਦੀ ਕੁੱਲ ਆਬਾਦੀ 70 ਤੋਂ 80 ਲੱਖ ਦੇ ਆਸ ਪਾਸ ਹੈ। ਅਜਿਹੀ ਸਥਿਤੀ ਵਿੱਚ, ਰੋਡ ਸ਼ੋਅ ਦੇ 22 ਕਿਲੋਮੀਟਰ ਲੰਬੇ ਰਸਤੇ ਵਿੱਚ ਸਿਰਫ 1 ਲੱਖ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।” ਨਹਿਰਾ ਨੇ ਕੁਝ ਦਿਨ ਪਹਿਲਾਂ ਇਹੀ ਗੱਲ ਕਹੀ ਸੀ।

ਟਰੰਪ ਦਾ ਵਿਸ਼ੇਸ਼ ਜਹਾਜ਼ 24 ਫਰਵਰੀ ਨੂੰ ਸਵੇਰੇ 11:55 ਵਜੇ ਅਹਿਮਦਾਬਾਦ ਹਵਾਈ ਅੱਡੇ ‘ਤੇ ਉਤਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਥੇ ਉਨ੍ਹਾਂ ਦਾ ਸਵਾਗਤ ਕਰਨਗੇ।