Ukraine-Russia War: ਹਜ਼ਾਰਾਂ ਭਾਰਤੀ ਨਾਗਰਿਕ ਯੂਕਰੇਨ ਵਿੱਚ ਬੰਬ ਧਮਾਕਿਆਂ ਤੇ ਹਮਲਿਆਂ ਵਿੱਚ ਫਸੇ ਹੋਏ ਹਨ ਤੇ ਆਪਣੀ ਵਾਪਸੀ ਲਈ ਸਰਕਾਰਾਂ ਨੂੰ ਅਪੀਲ ਕਰ ਰਹੇ ਹਨ। ਇਸ ਦੌਰਾਨ ਇੱਕ ਵਿਦਿਆਰਥਣ ਦੀ ਰੋਂਦੀ ਹੋਈ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਮਦਦ ਦੀ ਗੁਹਾਰ ਲਾ ਰਹੀ ਹੈ। ਇਸ ਵੀਡੀਓ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਵਿਦਿਆਰਥਣ ਇਹ ਕਹਿੰਦੀ ਨਜ਼ਰ ਆ ਰਹੀ ਹੈ- ਜੈ ਹਿੰਦ, ਜੈ ਭਾਰਤ... ਕ੍ਰਿਪਾ ਕਰਕੇ ਸਾਡੀ ਮਦਦ ਕਰੋ।



ਦੱਸ ਦਈਏ ਕਿ ਯੂਕਰੇਨ 'ਚ ਰੂਸੀ ਫੌਜ ਵੱਲੋਂ ਤਬਾਹੀ ਜਾਰੀ ਹੈ। ਭਾਰਤੀ ਵਿਦਿਆਰਥੀਆਂ ਨੂੰ ਰੋਮਾਨੀਆ, ਹੰਗਰੀ ਤੇ ਪੋਲੈਂਡ ਰਾਹੀਂ ਬੱਸਾਂ ਰਾਹੀਂ ਯੂਕਰੇਨ ਦੀ ਸਰਹੱਦ ਤੋਂ ਬਾਹਰ ਲਿਜਾਇਆ ਜਾ ਰਿਹਾ ਹੈ। ਉਥੋਂ ਏਅਰ ਇੰਡੀਆ ਦੀ ਫਲਾਈਟ ਰਾਹੀਂ ਉਨ੍ਹਾਂ ਨੂੰ ਘਰ ਲਿਆਉਣ ਦੀ ਕਵਾਇਦ ਚੱਲ ਰਹੀ ਹੈ।

ਉੱਤਰ ਪ੍ਰਦੇਸ਼ ਦੇ ਲਖਨਊ ਦੀ ਰਹਿਣ ਵਾਲੀ ਗਰਿਮਾ ਮਿਸ਼ਰਾ ਦਾ ਦਾਅਵਾ ਹੈ ਕਿ ਕੋਈ ਵੀ ਉਸ ਦੀ ਮਦਦ ਦੀ ਅਪੀਲ ਦਾ ਜਵਾਬ ਨਹੀਂ ਦੇ ਰਿਹਾ। ਉਸ ਨੇ ਕਿਹਾ, 'ਅਸੀਂ ਹਰ ਪਾਸਿਓਂ ਘਿਰੇ ਹੋਏ ਹਾਂ...ਕੋਈ ਮਦਦ ਨਹੀਂ ਕਰ ਰਿਹਾ ਤੇ ਮੈਨੂੰ ਨਹੀਂ ਪਤਾ ਕਿ ਮਦਦ ਆਵੇਗੀ ਜਾਂ ਨਹੀਂ।' ਉਸ ਨੇ ਕਿਹਾ, "ਜਿੱਥੇ ਅਸੀਂ ਰਹਿ ਰਹੇ ਹਾਂ, ਲੋਕ ਆਉਂਦੇ ਹਨ, ਉਹ ਗੜਬੜੀ ਕਰਦੇ ਹਨ ਤੇ ਅੰਦਰ ਆਉਣ ਦੀ ਕੋਸ਼ਿਸ਼ ਕਰਦੇ ਹਨ। ਸਾਨੂੰ ਸਮਝ ਨਹੀਂ ਆ ਰਿਹਾ ਕਿ ਕੀ ਹੋ ਰਿਹਾ ਹੈ।"







ਗਰਿਮਾ ਨੇ ਕਿਹਾ, 'ਸਾਨੂੰ ਦੱਸਿਆ ਗਿਆ ਕਿ ਸਾਡੇ ਕੁਝ ਦੋਸਤ ਜੋ ਬੱਸ ਰਾਹੀਂ ਸਰਹੱਦ 'ਤੇ ਗਏ ਸਨ, ਨੂੰ ਰੂਸੀ ਸੈਨਿਕਾਂ ਨੇ ਰੋਕ ਲਿਆ ਹੈ। ਉਨ੍ਹਾਂ ਨੇ ਵਿਦਿਆਰਥੀਆਂ 'ਤੇ ਗੋਲੀਆਂ ਚਲਾਈਆਂ ਤੇ ਲੜਕੀਆਂ ਨੂੰ ਚੁੱਕ ਲਿਆ। ਸਾਨੂੰ ਨਹੀਂ ਪਤਾ ਕਿ ਮੁੰਡਿਆਂ ਨਾਲ ਕੀ ਹੋਇਆ ਹੈ।

ਅੱਖਾਂ 'ਚ ਹੰਝੂ ਤੇ ਹੱਥ ਜੋੜ ਕੇ ਗਰਿਮਾ ਨੇ ਕਿਹਾ, 'ਅਸੀਂ ਇਹ ਫਿਲਮਾਂ 'ਚ ਦੇਖਦੇ ਸੀ। ਅਸੀਂ ਸੋਚਿਆ ਕਿ ਅਸੀਂ ਬਚ ਜਾਵਾਂਗੇ...ਪਰ ਹੁਣ ਅਜਿਹਾ ਨਹੀਂ ਲੱਗਦਾ...ਕਿਸੇ ਨੂੰ ਹਵਾਈ ਜਹਾਜ਼ ਰਾਹੀਂ ਸਾਡੀ ਮਦਦ ਕਰਨ ਲਈ ਭੇਜੋ। ਭਾਰਤੀ ਫੌਜ ਭੇਜੋ...ਨਹੀਂ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਇੱਥੋਂ ਜਾ ਸਕਾਂਗੇ। ਅਸੀਂ ਇਸ ਥਾਂ 'ਤੇ ਸੁਰੱਖਿਅਤ ਨਹੀਂ ਹਾਂ।

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਇਸ ਵੀਡੀਓ ਨੂੰ ਬੇਹੱਦ ਦਰਦਨਾਕ ਦੱਸਿਆ ਹੈ। ਉਹਨਾਂ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਟੈਗ ਕੀਤਾ ਤੇ ਟਵੀਟ ਕੀਤਾ, "ਭਗਵਾਨ ਲਈ, ਇਹਨਾਂ ਬੱਚਿਆਂ ਨੂੰ ਭਾਰਤ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੂਰਾ ਦੇਸ਼ ਆਪਣੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹੈ। ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਸਰਕਾਰ ਉਨ੍ਹਾਂ ਦੀ ਮਦਦ ਕਰੇ।"


ਇਹ ਵੀ ਪੜ੍ਹੋ: Russia-Ukraine War: ਯੂਕਰੇਨ ਤੋਂ ਸੁਰੱਖਿਅਤ 2000 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ, 249 ਲੋਕਾਂ ਨੂੰ ਲੈ ਕੇ ਦਿੱਲੀ ਪੁੱਜੀ 5ਵੀਂ ਫਲਾਈਟ