ਨਵੀਂ ਦਿੱਲੀ: ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਬਾਰੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿੱਚ ਕਿਰਤ ਤੇ ਰੁਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਨੇ ਵੱਡਾ ਬਿਆਨ ਦਿੱਤਾ ਹੈ। ਸੰਤੋਸ਼ ਗੰਗਵਾਰ ਨੇ ਕਿਹਾ ਹੈ ਕਿ ਦੇਸ਼ ਵਿੱਚ ਰੁਜ਼ਗਾਰ ਦੀ ਘਾਟ ਨਹੀਂ ਹੈ, ਪਰ ਉੱਤਰ ਭਾਰਤੀਆਂ ਵਿੱਚ ਯੋਗਤਾ ਦੀ ਘਾਟ ਹੈ। ਮੋਦੀ ਸਰਕਾਰ ਦੇ 100 ਦਿਨ ਪੂਰੇ ਹੋਣ ਦੇ ਮੌਕੇ ਉੱਤੇ ਸੰਤੋਸ਼ ਗੰਗਵਾਰ ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਸੀ।




ਆਰਥਿਕ ਮੰਦੀ ਦੇ ਇਸ ਪੜਾਅ ਵਿੱਚ ਜਦੋਂ ਦੇਸ਼ ਵਿਚ ਬੇਰੁਜ਼ਗਾਰੀ ਬਾਰੇ ਪੁੱਛਿਆ ਗਿਆ ਤਾਂ ਸੰਤੋਸ਼ ਗੰਗਵਾਰ ਨੇ ਕਿਹਾ, 'ਦੇਸ਼ ਵਿੱਚ ਰੁਜ਼ਗਾਰ ਦੀ ਕੋਈ ਸਮੱਸਿਆ ਨਹੀਂ ਹੈ। ਜੋ ਵੀ ਕੰਪਨੀਆਂ ਰੁਜ਼ਗਾਰ ਦੇਣ ਆਉਂਦੀਆਂ ਹਨ, ਉਹ ਕਹਿੰਦੇ ਹਨ ਕਿ ਉਨ੍ਹਾਂ ਨੌਜਵਾਨਾਂ ਵਿੱਚ ਯੋਗਤਾ ਨਹੀਂ ਹੈ।' ਉਨ੍ਹਾਂ ਕਿਹਾ, 'ਦੇਸ਼ ਵਿੱਚ ਆਰਥਿਕ ਮੰਦੀ ਦੀ ਗੱਲ ਤਾਂ ਸਮਝ ਆਉਂਦੀ ਹੈ, ਪਰ ਰੁਜ਼ਗਾਰ ਦੀ ਘਾਟ ਨਹੀਂ।'



ਦੇਸ਼ ਦੀ ਜਵਾਨੀ ਦੀ ਯੋਗਤਾ 'ਤੇ ਸਵਾਲ ਉਠਾਉਂਦੇ ਹੋਏ ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਹੁਣ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਏ ਹਨ। ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ ਹੈ, 'ਮੰਤਰੀ ਜੀ, ਤੁਹਾਡੀ ਸਰਕਾਰ 5 ਸਾਲ ਤੋਂ ਵੀ ਜ਼ਿਆਦਾ ਦੀ ਹੈ। ਨੌਕਰੀਆਂ ਨਹੀਂ ਬਣੀਆਂ। ਜਿਹੜੀਆਂ ਨੌਕਰੀਆਂ ਸੀ ਉਹ ਸਰਕਾਰ ਦੁਆਰਾ ਲਿਆਂਦੀ ਆਰਥਿਕ ਮੰਦੀ ਕਾਰਨ ਖੋਹੀਆਂ ਜਾ ਰਹੀਆਂ ਹਨ। ਨੌਜਵਾਨ ਰਸਤਾ ਵੇਖ ਰਹੇ ਹਨ ਕਿ ਸਰਕਾਰ ਕੁਝ ਚੰਗਾ ਕਰੋ। ਤੁਸੀਂ ਉੱਤਰ ਭਾਰਤੀਆਂ ਦਾ ਅਪਮਾਨ ਕਰਕੇ ਬਚ ਨਿਕਲਣਾ ਚਾਹੁੰਦੇ ਹੋ। ਇਹ ਨਹੀਂ ਚੱਲੇਗਾ।'




ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਗੰਗਵਾਰ ਦੇ ਬਿਆਨ 'ਤੇ ਕਿਹਾ, 'ਮੋਦੀ ਸਰਕਾਰ ਭੰਬਲਭੂਸੇ ਵਿੱਚ ਹੈ ਕਿ ਅਰਥ ਵਿਵਸਥਾ ਵਿਗੜੀ ਹੋਈ ਹੈ। ਨੋਟਬੰਦੀ ਤੋਂ ਅੱਤਵਾਦ, ਭ੍ਰਿਸ਼ਟਾਚਾਰ ਵੀ ਖ਼ਤਮ ਨਹੀਂ ਹੋਇਆ, ਜੀਐਸਟੀ ਨਾਲ ਵਪਾਰ ਤਬਾਹ ਹੋ ਗਿਆ ਹੈ ਤੇ ਸਰਕਾਰ ਚਾਹੁੰਦੀ ਹੈ ਕਿ ਦੇਸ਼ ਦੀ ਜਵਾਨੀ ਦੇ ਪਕੌੜੇ ਤਲੇ।'